ਨਵੀਂ ਦਿੱਲੀ, 11 ਜੁਲਾਈ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਐੱਨਡੀਏ ਨਾਲੋਂ ਨਾਤਾ ਤੋੜਨ ਤੋਂ ਇਕ ਦਿਨ ਬਾਅਦ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਅੱਜ ਇਕ ਵੀਡੀਓ ਟਵੀਟ ਕੀਤੀ ਜਿਸ ਵਿਚ ਇਕ ਕੁੱਤਾ ਦੋ ਸ਼ੇਰਾਂ ਨਾਲ ਲੜਾਈ ਕਰਦਾ ਨਜ਼ਰ ਆ ਰਿਹਾ ਸੀ। ਉਨ੍ਹਾਂ ਵੀਡੀਓ ਨਾਲ ਕੈਪਸ਼ਨ ਲਿਖਦਿਆਂ ਇਸ ਨੂੰ ‘ਚੈਲੇਂਜ 2024’ ਕਰਾਰ ਦਿੱਤਾ। ਹਾਲਾਂਕਿ ਮਗਰੋਂ ਕੇਂਦਰੀ ਮੰਤਰੀ ਨੇ ਵੀਡੀਓ ਹਟਾ ਲਈ। ਜ਼ਿਕਰਯੋਗ ਹੈ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਨੇ ਬੁੱਧਵਾਰ ਕਿਹਾ ਸੀ ਕਿ ਐੱਨਡੀਏ ਨੂੰ ਹੁਣ ਅਗਲੀਆਂ ਲੋਕ ਸਭਾ ਚੋਣਾਂ ਦੀ ‘ਫ਼ਿਕਰ’ ਕਰਨੀ ਚਾਹੀਦੀ ਹੈ। ਸੀਨੀਅਰ ਭਾਜਪਾ ਆਗੂ ਵੱਲੋਂ ਅਪਲੋਡ ਕੀਤੀ ਗਈ ਵੀਡੀਓ ਨੂੰ ਕੁਮਾਰ ’ਤੇ ਕੀਤੇ ਗਏ ਵਿਅੰਗ ਵਜੋਂ ਦੇਖਿਆ ਜਾ ਰਿਹਾ ਹੈ। ਸਿਆਸੀ ਵਿਸ਼ਲੇਸ਼ਕ ਜਿੱਥੇ ਕੁਮਾਰ ਨੂੰ ਨਰਿੰਦਰ ਮੋਦੀ ਦੇ ਬਰਾਬਰ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਦਾਅਵੇਦਾਰ ਦੱਸ ਰਹੇ ਹਨ, ਉੱਥੇ ‘ਮਹਾਗੱਠਜੋੜ’ ਦੇ ਮੁਖੀ ਨਿਤੀਸ਼ ਨੇ ਸਪੱਸ਼ਟ ਕੀਤਾ ਹੈ ਕਿ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ਵਿਚ ਨਹੀਂ ਹਨ। -ਪੀਟੀਆਈ