ਭਗਵਾਨ ਦਾਸ ਸੰਦਲ
ਦਸੂਹਾ, 16 ਅਕਤੂਬਰ
ਇੱਥੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਦਸੂਹਾ ਤੋਂ ਹੇਮਕੁੰਟ ਐਕਸਪ੍ਰੈੱਸ ਰੇਲ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਤੋਂ ਪਹਿਲਾਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦਾ ਦਸੂਹਾ ਰੇਲਵੇ ਸਟੇਸ਼ਨ ਵਿਖੇ ਭਾਜਪਾ ਵਰਕਰਾਂ, ਸਮਰਥਕਾਂ ਤੇ ਸ਼ਹਿਰ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਇਸ ਦੌਰਾਨ ਸੰਬੋਧਨ ਕਰਦੇ ਹੋਏ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਵੱਲੋਂ ਹੇਮਕੁੰਟ ਐਕਸਪ੍ਰੈੱਸ ਦੇ ਦਸੂਹਾ ਠਹਿਰਾਅ ਲਈ ਚਿਰਾਂ ਤੋਂ ਮੰਗ ਕੀਤੀ ਜਾ ਰਹੀ ਸੀ, ਜੋ ਕਿ ਅੱਜ ਪੂਰੀ ਹੋ ਗਈ ਹੈ। ਹੁਣ ਹਰਿਦੁਆਰ, ਰਿਸ਼ੀਕੇਸ਼ ਤੇ ਹੋਰ ਧਾਰਮਿਕ ਅਸਥਾਨਾਂ ’ਤੇ ਜਾਣ ਵਾਲੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਹਲਕਾ ਦਸੂਹਾ ਦੇ ਪਿੰਡਾਂ ਦੇ ਵਿਕਾਸ ਲਈ 55 ਲੱਖ ਰੁਪਏ ਦੀ ਗ੍ਰਾਂਟ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ।
ਉਨ੍ਹਾਂ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਇਸ ਮੌਕੇ ਹਲਕਾ ਮੁਕੇਰੀਆਂ ਦੇ ਭਾਜਪਾ ਵਿਧਾਇਕ ਜੰਗੀ ਲਾਲ ਮਹਾਜਨ, ਜ਼ਿਲ੍ਹਾ ਜਨਰਲ ਸਕੱਤਰ ਅਜੈ ਕੌਸ਼ਲ ਸੇਠੂ, ਸੀਨੀਅਰ ਆਗੂ ਵਿਜੈ ਸ਼ਰਮਾ, ਕੌਂਸਲਰ ਸੁੱਚਾ ਸਿੰਘ ਲੂਫਾ, ਸਰਕਲ ਪ੍ਰਧਾਨ ਰੁਪਿੰਦਰ ਸਿੰਘ, ਜੋਨੀ ਵਿਰਕ, ਬਾਊ ਅਰੁਨ ਸ਼ਰਮਾ, ਰਾਜ ਕੁਮਾਰ ਕੌਸ਼ਲ, ਜਨਰਲ ਸਕੱਤਰ ਲੱਕੀ ਬੱਤਰਾ, ਕ੍ਰਿਸ਼ਨ ਮੁਰਲੀ, ਸ਼ਿਵ ਕੁਮਾਰ, ਤੁਲਸੀ ਰਾਮ, ਐਡਵੋਕੇਟ ਸ਼ੁਭ ਸਰੋਚ, ਗੁਲਸ਼ਨ ਵਰਮਾ, ਵਿਕਾਸ ਮਨਕੋਟੀਆ, ਰਾਜੇਸ਼ ਵਰਮਾ, ਚਰਨਜੀਤ ਸਿੰਘ, ਭੱਟੀ ਤੇ ਵਿਜੈ ਠਾਕੁਰ ਆਦਿ ਮੌਜੂਦ ਸਨ।