ਪਾਲ ਸਿੰਘ ਨੌਲੀ
ਜਲੰਧਰ, 1 ਫਰਵਰੀ
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਨੇ ਖੇਡ ਸਨਅਤ ਨੂੰ ਕੋਈ ਰਾਹਤ ਨਾ ਦੇ ਕੇ ਕਾਰੋਬਾਰ ਦੀ ਖੇਡ ਪੂਰੀ ਤਰ੍ਹਾਂ ਵਿਗਾੜ ਦਿੱਤੀ ਹੈ। ਦੇਸ਼ ਦੀ ਸਭ ਤੋਂ ਵੱਡੀ ਖੇਡ ਮਾਰਕੀਟ ਜਲੰਧਰ ਵਿੱਚ ਹੈ। ਇਥੇ 600 ਤੋਂ ਵੱਧ ਛੋਟੀਆਂ-ਵੱਡੀਆਂ ਖੇਡਾਂ ਦਾ ਸਾਮਾਨ ਬਣਾਉਣ ਵਾਲੀਆਂ ਸਨਅਤਾਂ ਹਨ। ਖੇਡ ਜਗਤ ਨਾਲ ਜੁੜੇ ਕਾਰੋਬਾਰੀਆਂ ਨੂੰ ਬਜਟ ਤੋਂ ਵੱਡੀਆਂ ਉਮੀਦਾਂ ਸਨ ਪਰ ਜਿਉਂ-ਜਿਉਂ ਵਿੱਤ ਮੰਤਰੀ ਬਜਟ ਪੜ੍ਹਦੇ ਗਏ ਤਿਉਂ-ਤਿਉਂ ਕਾਰੋਬਾਰੀਆਂ ਦੇ ਚਿਹਰਿਆਂ ’ਤੇ ਹਵਾਈਆਂ ਉੱਡਦੀਆਂ ਰਹੀਆਂ। ਲੰਮੇ ਸਮੇੇਂ ਤੋਂ ਖੇਡਾਂ ਦਾ ਸਾਮਾਨ ਬਣਾਉਣ ਵਾਲੇ ਕਾਰੋਬਾਰੀ ਰਵਿੰਦਰ ਧੀਰ ਨੇ ਦੱਸਿਆ ਕਿ ਇਹ ਬਜਟ ਛੋਟੀਆਂ ਸਨਅਤਾਂ ਨੂੰ ਤਬਾਹ ਕਰਕੇ ਰੱਖ ਦੇਵੇਗੀ।
ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਹੀਰਿਆਂ ਦੇ ਗਹਿਣਿਆਂ ’ਤੇ ਜੀਐੱਸਟੀ 0.25 ਫੀਸਦੀ ਹੈ ਜਦਕਿ ਸਿਹਤ ਨੂੰ ਤੰਦਰੁਸਤ ਰੱਖਣ ਲਈ ਟੱਪੀ ਜਾਣ ਵਾਲੀ ਰੱਸੀ ’ਤੇ 18 ਫੀਸਦੀ ਜੀਐੱਸਟੀ ਹੈ। ਇਸੇ ਤਰ੍ਹਾਂ ਸਕੂਲਾਂ ਤੇ ਹੋਰ ਖੇਡ ਟੂਰਨਾਮੈਂਟਾਂ ’ਤੇ ਵਜਾਈਆਂ ਜਾਣ ਵਾਲੀਆਂ ਵ੍ਹਿਸਲਾਂ ਦੀ ਕੀਮਤ ਦੋ ਰੁਪਏ ਦੇ ਕਰੀਬ ਹੁੰਦੀ ਹੈ ਪਰ ਉਸ ’ਤੇ ਟੈਕਸ 18 ਫੀਸਦੀ ਦੇਣਾ ਪੈਂਦਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੇ ‘ਮੇਕ ਇਨ ਇੰਡੀਆ’ ਅਤੇ ‘ਆਤਮ ਨਿਰਭਰ ਇੰਡੀਆ’ ਦੇ ਨਾਅਰਿਆਂ ’ਤੇ ਤਨਜ਼ ਕੱਸਦਿਆਂ ਕਿਹਾ ਕਿ ਖੇਡਾਂ ਦਾ ਸਾਮਾਨ ਬਹੁਤਾ ਚੀਨ ਤੋਂ ਆ ਰਿਹਾ ਹੈ ਤੇ ਇਥੋਂ ਦੀਆਂ ਸਨਅਤਾਂ ਬੰਦ ਹੋ ਰਹੀਆਂ ਹਨ।