ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 16 ਅਕਤੂਬਰ
ਈਟੀਟੀ ਟੈੱਟ ਪਾਸ ਬੇਰੁਜ਼ਗਾਰ 2364 ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਠ ਦਿਨਾਂ ਤੋਂ ਟੈਂਕੀ ਉੱਤੇ ਚੜ੍ਹੇ ਬੇਰੁਜ਼ਗਾਰ ਅਧਿਆਪਕ ਸੁਰਿੰਦਰਪਾਲ ਗੁਰਦਾਸਪੁਰ ਵੱਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਅੱਜ ਆਪਣਾ ਜਨਮ ਦਿਨ ਟੈਂਕੀ ’ਤੇ ਹੀ ਕੇਕ ਕੱਟ ਕੇ ਮਨਾਇਆ ਗਿਆ, ਜਦੋਂ ਕਿ ਸਾਥੀ ਅਧਿਆਪਕਾਂ ਵੱਲੋਂ ਸ਼ਹਿਰ ਵਿੱਚ ਮੋਮਬੱਤੀ ਮਾਰਚ ਕੱਢਿਆ ਗਿਆ।
ਮਿਲੀ ਜਾਣਕਾਰੀ ਅਨੁਸਾਰ ਈਟੀਟੀ ਟੈੱਟ ਪਾਸ ਬੇਰੁਜ਼ਗਾਰ 2364 ਅਧਿਆਪਕਾਂ ਵੱਲੋਂ ਸੂਬਾ ਪ੍ਰਧਾਨ ਸੁਰਿੰਦਰਪਾਲ ਗੁਰਦਾਸਪੁਰ ਦਾ ਜਨਮ ਦਿਨ ਮੋਮਬੱਤੀ ਮਾਰਚ ਕੱਢ ਕੇ ਮਨਾਇਆ ਗਿਆ, ਜਦੋਂ ਕਿ ਸੁਰਿੰਦਰਪਾਲ ਨੇ ਟੈਂਕੀ ਉੱਤੇ ਹੀ ਕੇਕ ਕੱਟਿਆ। ਡਿਪਟੀ ਕਮਿਸ਼ਨਰ ਨੂੰ ਕੇਕ ਦੇਣ ਲਈ ਬੇਰੁਜ਼ਗਾਰ ਅਧਿਆਪਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵੀ ਗਏ ਪ੍ਰੰਤੂ ਡਿਪਟੀ ਕਮਿਸ਼ਨਰ ਛੁੱਟੀ ’ਤੇ ਹੋਣ ਕਾਰਨ ਨਹੀਂ ਮਿਲੇ। ਸੁਰਿੰਦਰਪਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਖਾਸ ਪਾਰਟੀ ਦੀ ਸਰਕਾਰ ਬਣ ਕੇ ਰਹਿ ਗਈ ਹੈ ਅਤੇ ਪਹਿਲਾਂ ਵਾਲੀਆਂ ਸਰਕਾਰਾਂ ਵਾਂਗ ਹੀ ਕੰਮ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਗਏ ਵਾਅਦੇ ਹਕੀਕਤਾਂ ਤੋਂ ਦੂਰ ਹਨ ਅਤੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਵਫ਼ਾ ਨਹੀਂ ਹੋ ਰਹੇ। ਇਹੋ ਕਾਰਨ ਹੈ ਕਿ ਬੇਰੁਜ਼ਗਾਰਾਂ ਨੂੰ ਸੜਕਾਂ ’ਤੇ ਰੁਲਣ ਅਤੇ ਟੈਂਕੀਆਂ ’ਤੇ ਚੜ੍ਹ ਕੇ ਆਪਣੀ ਜਾਨ ਜੋਖ਼ਮ ਵਿੱਚ ਪਾਉਣੀ ਪੈ ਰਹੀ ਹੈ। 2364 ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰੈੱੱਸ ਸਕੱਤਰ ਗੁਰਸਿਮਰਤ ਮਾਲੇਰਕੋਟਲਾ ਨੇ ਕਿਹਾ ਕਿ ਈਟੀਟੀ 2364 ਅਧਿਆਪਕਾਂ ਦੀ ਭਰਤੀ ਦੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ 20 ਅਕਤੂਬਰ ਨੂੰ ਤਰੀਕ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਤਰੀਕ ਤੋਂ ਪਹਿਲਾਂ-ਪਹਿਲਾਂ ਆਪਣਾ ਹਲਫ਼ਨਾਮਾ ਦਾਇਰ ਕਰੇ ਤਾਂ ਜੋ ਇਸ ਕੇਸ ਦੀ ਸੁਣਵਾਈ ਸਹੀ ਢੰਗ ਨਾਲ ਹੋਵੇ ਅਤੇ ਭਰਤੀ ਬਹਾਲ ਹੋ ਸਕੇ। ਇਸ ਦੌਰਾਨ ਈਟੀਟੀ ਟੈੱਟ ਪਾਸ ਬੇਰੁਜ਼ਗਾਰ 2364 ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਗੁਰਜੰਟ ਪਟਿਆਲਾ, ਨਵਦੀਪ ਮੋਗਾ, ਜੋਤ ਨਾਭਾ, ਮਨਦੀਪ ਲੁਧਿਆਣਾ, ਨਵਦੀਪ ਗੁਰਦਾਸਪੁਰ, ਲਵੀ ਗੁਰਦਾਸਪੁਰ, ਸੁਖਜੀਤ ਨਾਭਾ, ਗਗਨ ਮਾਨਸਾ, ਗੁਰਜੀਵਨ ਮਾਨਸਾ ਅਤੇ ਹੋਰ ਸਾਥੀ ਮੌਜੂਦ ਸਨ।