ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 4 ਜੁਲਾਈ
ਯੂਕੇ ਵਿਚ ਦਿੱਤੇ ਜਾਣ ਵਾਲੇ ਮਿਊਜ਼ੀਅਮ ਹੈਰੀਟੇਜ ਐਵਾਰਡ ਲਈ ਇਥੋਂ ਦੇ ਪਾਰਟੀਸ਼ਨ ਮਿਊਜ਼ੀਅਮ ਦਾ ਨਾਂ ਵੀ ਤਿਆਰ ਕੀਤੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਦਾ ਖੁਲਾਸਾ ਅਜਾਇਬ ਘਰ ਦੇ ਪ੍ਰਬੰਧਕਾਂ ਵੱਲੋਂ ਕੀਤਾ ਗਿਆ। ਇਸ ਅਜਾਇਬ ਘਰ ਦੀ ਸੀਈਓ ਮਲਿਕਾ ਆਹਲੂਵਾਲੀਆ ਨੇ ਦੱਸਿਆ ਕਿ ਮਿਊਜ਼ੀਅਮ ਹੈਰੀਟੇਜ ਐਵਾਰਡ ਇਸ ਸਾਲ 22 ਸਤੰਬਰ ਨੂੰ ਦਿੱਤਾ ਜਾਵੇਗਾ। ਇਸ ਅਜਾਇਬ ਘਰ ’ਚ ਜੱਲ੍ਹਿਆਂ ਵਾਲਾ ਬਾਗ ਦੇ ਸਾਕੇ ਦੀ ਸ਼ਤਾਬਦੀ ਮੌਕੇ ਪ੍ਰਦਰਸ਼ਨੀ ਲਾਈ ਗਈ ਸੀ ਜਿਸ ’ਚ ਉਸ ਵੇਲੇ ਦੀਆਂ ਘਟਨਾਵਾਂ ਦੇ ਇਤਿਹਾਸ ਨੂੰ ਦਿਖਾਇਆ ਗਿਆ ਸੀ। ਇਸ ਪ੍ਰਦਰਸ਼ਨੀ ਨੂੰ ਚੰਗਾ ਹੁੰਗਾਰਾ ਮਿਲਣ ਕਰਕੇ ਹੁਣ ਇਸ ਪਾਰਟੀਸ਼ਨ ਮਿਊਜ਼ੀਅਮ ਦਾ ਨਾਂ ਵੀ ਐਵਾਰਡ ਲਈ ਚੁਣੇ ਗਏ ਅਜਾਇਬ ਘਰਾਂ ਦੀ ਸੂਚੀ ’ਚ ਸ਼ਾਮਲ ਕੀਤਾ ਗਿਆ ਹੈ।