ਜੋਗਿੰਦਰ ਸਿੰਘ ਮਾਨ
ਮਾਨਸਾ, 1 ਅਪਰੈਲ
ਕਿਸਾਨ-ਮਜ਼ਦੂਰ ਖੁਦਕੁਸ਼ੀ ਪੀੜਤ ਪਰਿਵਾਰ ਕਮੇਟੀ ਪੰਜਾਬ ਵੱਲੋਂ ਸੂਬੇ ਵਿੱਚ ਲਗਾਤਾਰ ਵਧ ਰਹੀਆਂ ਖ਼ੁਦਕੁਸ਼ੀਆਂ ਦੇ ਰੁਝਾਨ ਨੂੰ ਚਿੰਤਾਜਨਕ ਕਰਾਰ ਦਿੰਦਿਆਂ ਮਾਨਸਾ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ। ਮੰਗ ਪੱਤਰ ਰਾਹੀਂ ਸਾਰੇ ਪੀੜਤ ਪਰਿਵਾਰਾਂ ਦਾ ਕਰਜ਼ਾ ਮੁਆਫ, ਬੱਚਿਆਂ ਦੀ ਸਿੱਖਿਆ ਦਾ ਪ੍ਰਬੰਧ ਅਤੇ ਪਰਿਵਾਰਾਂ ਨੂੰ ਸਿਹਤ ਸਹੂਲਤਾਂ ਦਾ ਪ੍ਰਬੰਧ ਅਤੇ ਮੁਆਵਜ਼ੇ ਦੀਆਂ ਅਰਜ਼ੀਆਂ ਦੇ ਨਬਿੇੜੇ ਸਣੇ 2015 ’ਚ ਬਣੀ ਨੀਤੀ ਮੁਤਾਬਕ ਸਮੇਂ ਸਿਰ ਕਰਨ ਦੀ ਮੰਗ ਕੀਤੀ ਗਈ।
ਕਮੇਟੀ ਦੀ ਕਨਵੀਨਰ ਕਿਰਨਜੀਤ ਕੌਰ ਝੁਨੀਰ ਦੀ ਅਗਵਾਈ ਹੇਠ ਦਿੱਤੇ ਮੰਗ ਪੱਤਰ ਵਿੱਚ ਦੱਸਿਆ ਗਿਆ ਕਿ ਪੰਜਾਬ ਵਿੱਚ ਖ਼ੁਦਕੁਸ਼ੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਤੇ ਕਰੋਨਾ ਕਾਲ ਦੇ ਸਮੇਂ ਦੌਰਾਨ ਖ਼ੁਦਕੁਸ਼ੀਆਂ ਦੇ ਕਰੀਬ 350 ਕੇਸ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਅਖ਼ਬਾਰੀ ਰਿਪੋਰਟਾਂ ਮੁਤਾਬਕ ਮਾਨਸਾ ਜ਼ਿਲ੍ਹੇ ’ਚ ਖ਼ੁਦਕੁਸ਼ੀਆਂ ਦੇ 22 ਕੇਸ, ਬਠਿੰਡਾ ’ਚ 32 (27 ਪੁਰਸ਼ ਤੇ 5 ਔਰਤਾਂ), ਪਟਿਆਲਾ ’ਚ 46 ਕੇਸ (29 ਪੁਰਸ਼ ਤੇ 17 ਔਰਤਾਂ) ਤੇ ਸੰਗੂਰਰ ਵਿੱਚ 51 (36 ਪੁਰਸ਼ ਤੇ 15 ਔਰਤਾਂ) ਕੇਸ ਆਏ ਹਨ, ਜਿਸ ’ਚ ਬੇਰੁਜ਼ਗਾਰ ਨੌਜਵਾਨਾਂ ਤੇ ਔਰਤਾਂ ਦੀ ਗਿਣਤੀ ਜ਼ਿਆਦਾ ਰਹੀ ਹੈ।
ਆਗੂਆਂ ਨੇ ਕਿਹਾ ਕਿ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਬਾਵਜੂਦ ਪੰਜਾਬ ’ਚ ਲਗਾਤਾਰ ਖੁਦਕੁਸ਼ੀਆਂ ਹੋ ਰਹੀਆਂ ਹਨ ਤੇ ਇਸ ਬਿਰਤਾਂਤ ਨੂੰ ਦੇਖਦਦਿਆਂ ਲੱਗਦਾ ਹੈ ਕਿ ਮਸਲਾ ਇਕੱਲੇ ਤਿੰਨਾਂ ਕਾਨੂੰਨਾਂ ਦਾ ਹੀ ਨਹੀਂ, ਸਗੋਂ ਖੁਦਕੁਸ਼ੀਆਂ ਨੂੰ ਰੋਕਣ ਦਾ ਵੀ ਹੈ। ਉਨ੍ਹਾਂ ਮੰਗ ਕੀਤੀ ਸਰਕਾਰੀ ਪਾਲਿਸੀ ਮੁਤਾਬਕ ਮੁਆਵਜ਼ਾ ਅਰਜ਼ੀ ਦਾ ਫ਼ੈਸਲਾ ਇੱਕ ਮਹੀਨੇ ਵਿੱਚ ਹੋਣਾ ਚਾਹੀਦਾ ਹੈ।