ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 4 ਜੁਲਾਈ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ ਅੱਠ ਵਰ੍ਹੇ ਮਗਰੋਂ ਹੀ ਸ੍ਰੀ ਦਰਬਾਰ ਸਾਹਿਬ ਵਿਖੇ ਪੁਲੀਸ ਭੇਜ ਕੇ ਗੁਰੂਧਾਮ ਦੀ ਬੇਹੁਰਮਤੀ ਕਰਵਾਈ ਗਈ ਸੀ। ਸਾਕਾ ਨੀਲਾ ਤਾਰਾ ਫੌਜੀ ਹਮਲੇ ਵਾਂਗ ਸਿੱਖ ਕੌਮ ਕਦੇ ਵੀ ਇਸ ਹਮਲੇ ਨੂੰ ਨਹੀਂ ਭੁੱਲ ਸਕਦੀ। ਉਹ ਅੱਜ ਇੱਥੇ ਸ੍ਰੀ ਦਰਬਾਰ ਸਾਹਿਬ ਸਮੂਹ ਸਥਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ 4 ਜੁਲਾਈ 1955 ਨੂੰ ਹੋਏ ਹਮਲੇ ਦੀ ਯਾਦ ’ਚ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਆਖਿਆ ਕਿ ਸਿੱਖਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਦਿੱਤੀਆਂ, ਫਿਰ ਵੀ ਉਨ੍ਹਾਂ ਨਾਲ ਬੇਗਾਨਿਆਂ ਵਾਲਾ ਸਲੂਕ ਹੋਣਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ 1955 ਵਿੱਚ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਪੁਲੀਸ ਭੇਜ ਕੇ ਨਾ ਸਿਰਫ਼ ਗੁਰ-ਅਸਥਾਨ ਦੀ ਬੇਅਦਬੀ ਕੀਤੀ ਗਈ, ਸਗੋਂ ਸਿੱਖਾਂ ਦੀ ਆਵਾਜ਼ ਨੂੰ ਦਬਾਉਣ ਦਾ ਯਤਨ ਵੀ ਕੀਤਾ ਗਿਆ। ਉਨ੍ਹਾਂ ਸੋਸ਼ਲ ਮੀਡੀਆ ’ਤੇ ਸਿੱਖ ਸੰਸਥਾਵਾਂ ਨੂੰ ਜਾਣ-ਬੁੱਝ ਕੇ ਬਦਨਾਮ ਕਰਨ ਦੇ ਰੁਝਾਨ ’ਤੇ ਚਿੰਤਾ ਜ਼ਾਹਿਰ ਕਰਦਿਆਂ ਸਿੱਖ ਜਗਤ ਨੂੰ ਆਪਣੇ ਇਤਿਹਾਸ ਤੋਂ ਸੇਧ ਲੈਣ ਦੀ ਅਪੀਲ ਕੀਤੀ। ਇਸ ਮੌਕੇ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਅੱਜ ਵੀ ਸਿੱਖਾਂ ਨਾਲ ਬੇਇਨਸਾਫੀ ਦਾ ਦੌਰ ਜਾਰੀ ਹੈ। ਪੰਜਾਬ ਯੂਨੀਵਰਸਿਟੀ, ਬੀਬੀਐੱਮਬੀ, ਬੰਦੀ ਸਿੰਘ ਤੇ ਚੰਡੀਗੜ੍ਹ ਆਦਿ ਮੁੱਦੇ ਜਾਣ-ਬੁੱਝ ਕੇ ਉਲਝਾਏ ਜਾ ਰਹੇ ਹਨ। ਇਸ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਤੇ ਰਾਗੀ ਢਾਡੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ। ਇਕ ਵੱਖਰੇ ਸੁਨੇਹੇ ਵਿੱਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਸਿੱਖ ਕੌਮ ਨੂੰ ਕਦੇ ਆਪਣਾ ਇਤਿਹਾਸ ਨਹੀਂ ਭੁੱਲਣਾ ਚਾਹੀਦਾ ਕਿਉਂਕਿ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਭੁੱਲ ਜਾਂਦੀਆਂ ਹਨ, ਉਹ ਰੁਲ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸਾਕਾ ਨੀਲਾ ਤਾਰਾ ਫੌਜੀ ਹਮਲੇ ਵਾਂਗ 4 ਜੁਲਾਈ 1955 ਦਾ ਇਹ ਹਮਲਾ ਵੀ ਸਦਾ ਸਿੱਖਾਂ ਨੂੰ ਦੁੱਖ ਦਿਵਾਉਂਦਾ ਰਹੇਗਾ। ਉਨ੍ਹਾਂ ਦੋਸ਼ ਲਾਇਆ ਕਿ ਸ੍ਰੀ ਦਰਬਾਰ ਸਾਹਿਬ ਦੀ ਬੁਹਰਮਤੀ ਕਰਨ ਵਾਲੇ ਇਸ ਹਮਲੇ ਦੌਰਾਨ ਗੁਰੂਘਰ ਵਿੱਚ ਬੂਟਾਂ ਸਣੇ ਪੁਲੀਸ ਭੇਜੀ ਗਈ, ਅੱਥਰੂ ਗੈਸ ਦੇ ਗੋਲੇ ਚਲਾਏ ਗਏ ਤੇ ਲੰਗਰਘਰ ਤੇ ਪ੍ਰਸਾਦਿ ਵਰਤਾਉਣ ਵਾਲੀ ਥਾਂ ਤੋਂ ਲਗਪਗ ਤਿੰਨ ਹਜ਼ਾਰ ਮੁਲਾਜ਼ਮਾਂ ਤੇ ਸਿੱਖ ਸੰਗਤ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਸਿੱਖ ਜਥੇਬੰਦੀਆਂ ਵੱਲੋਂ ਰੋਸ ਮਾਰਚ
ਸ੍ਰੀ ਦਰਬਾਰ ਸਾਹਿਬ ’ਤੇ 4 ਜੁਲਾਈ 1955 ਨੂੰ ਹੋਏ ਹਮਲੇ ਦੀ 67ਵੀਂ ਵਰ੍ਹੇਗੰਢ ਮੌਕੇਅੱਜ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਰੋਸ ਮਾਰਚ ਕੀਤਾ ਗਿਆ। ਇਹ ਮਾਰਚ ਗੁਰਦੁਆਰਾ ਸੰਤੋਖਸਰ ਤੋਂ ਆਰੰਭ ਹੋ ਕੇ ਸ੍ਰੀ ਅਕਾਲ ਤਖ਼ਤ ਵਿਖੇ ਪੁੱਜ ਕੇ ਸਮਾਪਤ ਹੋਇਆ। ਇਸ ਮਾਰਚ ਵਿੱਚ ਸਿੱਖ ਜਥੇਬੰਦੀਆਂ ਅਕਾਲ ਯੂਥ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਅਤੇ ਵਾਰਿਸ ਪੰਜਾਬ ਦੇ ਆਗੂਆਂ ਨੇ ਸ਼ਿਰਕਤ ਕੀਤੀ। ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਵੱਲੋਂ ਭਾਈ ਨੋਬਲਜੀਤ ਸਿੰਘ ਬੁੱਲੋਵਾਲ, ਭਾਈ ਮਨਜੀਤ ਸਿੰਘ ਕਰਤਾਰਪੁਰ, ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਜਸਵਿੰਦਰ ਸਿੰਘ ਰਾਜਪੁਰਾ ਅਤੇ ਭਾਈ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਸੰਤੋਖਸਰ ਸਾਹਿਬ ਤੋਂ ਸ੍ਰੀ ਅਕਾਲ ਤਖ਼ਤ ਤੱਕ ਮਾਰਚ ਕੀਤਾ ਗਿਆ। ਮਾਰਚ ਦੌਰਾਨ ਨੌਜਵਾਨਾਂ ਨੇ ਦਰਬਾਰ ਸਹਬਿ ’ਤੇ ਕੀਤੇ ਗਏ ਪਹਿਲੇ ਹਮਲੇ ਦੇ ਦੁਖਾਂਤ ਦੀਆਂ ਤਸਵੀਰਾਂ ਹੱਥਾਂ ਵਿੱਚ ਫੜੀਆਂ ਹੋਈਆਂ ਸਨ ਅਤੇ ਭਾਰਤੀ ਹਕੂਮਤ ਮੁਰਦਾਬਾਦ, ਰਾਜ ਕਰੇਗਾ ਖ਼ਾਲਸਾ ਦੇ ਨਾਅਰੇ ਲਗਾਏ ਗਏ। ਇਸ ਮੌਕੇ ਸਿੱਖ ਆਗੂਆਂ ਨੇ ਆਖਿਆ ਕਿ ਦੇਸ਼ ਦੀ ਆਜ਼ਾਦੀ ਵੇਲੇ ਸਿੱਖਾਂ ਨੂੰ ਰਾਜ ਵਿੱਚ ਬਰਾਬਰੀ ਦਾ ਹੱਕ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਇਹ ਸੁਫ਼ਨਾ ਆਜ਼ਾਦੀ ਦੇ ਕੁਝ ਸਮੇਂ ਬਾਅਦ ਹੀ ਭੰਗ ਹੋ ਗਿਆ, ਜਦੋਂ ਪੰਜਾਬੀ ਸੂਬਾ ਬਣਵਾਉਣ ਵਾਸਤੇ ਸਿੱਖਾਂ ਨੂੰ ਸੰਘਰਸ਼ ਕਰਨਾ ਪਿਆ ਅਤੇ ਸਰਕਾਰ ਨੇ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਅਰੇ ’ਤੇ ਵੀ ਰੋਕ ਲਾ ਦਿੱਤੀ ਸੀ।