ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 16 ਅਕਤੂਬਰ
ਸੀਪੀਆਈ(ਐੱਮ) ਲਬਿਰੇਸ਼ਨ ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ ਨੇ ਅੱਜ ਦੇਸ਼ ਵਾਸੀਆਂ ਨੂੰ ਭਾਜਪਾ ਅਤੇ ਆਰਐੱਸਐੱਸ ਦੀ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਯੋਜਨਾ ਬਾਰੇ ਸੁਚੇਤ ਕਰਦਿਆਂ ਆਖਿਆ ਕਿ ਦੇਸ਼ ਨੂੰ ਇਨ੍ਹਾਂ ਸਾਜ਼ਿਸ਼ਾਂ ਤੋਂ ਬਚਾਉਣ ਲਈ, ਜਮਹੂਰੀਅਤ ਨੂੰ ਮਜ਼ਬੂਤ ਕਰਨ ਅਤੇ ਸਮਾਜਵਾਦ ਲਿਆਉਣ ਲਈ ਇਕ ਲੰਬੀ ਲੜਾਈ ਲੜਨ ਦੀ ਲੋੜ ਹੈ। ਉਹ ਅੱਜ ਇੱਥੇ ਜਥੇਬੰਦੀ ਦੀ ਚੌਥੀ ਸੂਬਾਈ ਕਾਨਫਰੰਸ ਦੇ ਉਦਘਾਟਨੀ ਸੈਸ਼ਨ ਵਿੱਚ ਸੰਬੋਧਨ ਕਰਨ ਲਈ ਪੁੱਜੇ ਸਨ। ਇਹ ਦੋ-ਰੋਜ਼ਾ ਸੂਬਾਈ ਇਜਲਾਸ ਇੱਥੇ ਪਿੰਡ ਮੂਧਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਹੋ ਰਿਹਾ ਹੈ, ਜਿੱਥੇ ਬਾਬਾ ਸੋਹਣ ਸਿੰਘ ਭਕਨਾ ਹਾਲ ਅਤੇ ਗੁਰਸ਼ਰਨ ਸਿੰਘ ਮੰਚ ਤੋਂ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ। ਇਸ ਇਜਲਾਸ ਦੀ ਸ਼ੁਰੂਆਤ ਗੁਰਸ਼ਰਨ ਭਾਅ ਜੀ ਦੀ ਧੀ ਡਾ. ਅਰੀਤ ਵੱਲੋਂ ਲਾਲ ਝੰਡਾ ਲਹਿਰਾਏ ਜਾਣ ਨਾਲ ਹੋਈ। ਇਸ ਮੌਕੇ ਉਦਘਾਟਨੀ ਭਾਸ਼ਣ ਵਿੱਚ ਜਨਰਲ ਸਕੱਤਰ ਸ੍ਰੀ ਭੱਟਾਚਾਰੀਆ ਨੇ ਆਖਿਆ ਕਿ ਦੇਸ਼ ਦੀ ਸੱਤਾ ’ਤੇ ਕਾਬਜ਼ ਭਾਜਪਾ ਅਤੇ ਉਸ ਦੀ ਸਹਿਯੋਗੀ ਆਰਐੱਸਐੱਸ ਵੱਲੋਂ ਦੇਸ਼ ਵਿੱਚ ਹਿੰਦੂ ਰਾਸ਼ਟਰ ਦੀ ਸੋਚ ਨੂੰ ਥੋਪਿਆ ਜਾ ਰਿਹਾ ਹੈ, ਜਿਸ ਨੂੰ ਆਜ਼ਾਦੀ ਦੀ ਲੜਾਈ ਵੇਲੇ ਲੋਕ ਨਕਾਰ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਆਰਐੱਸਐੱਸ ਵੱਲੋਂ 2025 ਵਿੱਚ ਆਪਣੀ ਸਥਾਪਨਾ ਦੀ ਸ਼ਤਾਬਦੀ ਮਨਾਈ ਜਾ ਰਹੀ ਹੈ। ਉਹ ਇਸ ਤੋਂ ਪਹਿਲਾਂ ਹਿੰਦੂ ਰਾਸ਼ਟਰ ਵਾਲੀ ਸੋਚ ਨੂੰ ਦੇਸ਼ ਵਿੱਚ ਲਾਗੂ ਕਰਨਾ ਚਾਹੁੰਦੀ ਹੈ, ਜਿਸ ਤਹਿਤ ਸਿਰਫ਼ ਹਿੰਦੂ ਅਤੇ ਦੇਸ਼ ਵਿੱਚ ਪੈਦਾ ਹੋਏ ਧਰਮਾਂ ਨੂੰ ਮੰਨਣ ਵਾਲੇ ਲੋਕ ਹੀ ਰਾਸ਼ਟਰ ਭਗਤ ਹੋਣਗੇ। ਇਸ ਸੋਚ ਤਹਿਤ ਬਾਹਰੋਂ ਆਏ ਧਰਮਾਂ ਦੇ ਲੋਕ ਦੇਸ਼ ਭਗਤ ਨਹੀਂ ਹੋ ਸਕਦੇ।
ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਨੂੰ ਬਚਾਉਣਾ ਹੈ ਤਾਂ ਭਾਜਪਾ ਨੂੰ ਸੱਤਾ ਅਤੇ ਸਮਾਜ ਤੋਂ ਹਾਸ਼ੀਏ ਵੱਲ ਧੱਕਣਾ ਪਵੇਗਾ। ਸਾਲ 2024 ਵਿੱਚ ਆ ਰਹੀਆਂ ਸੰਸਦੀ ਚੋਣਾਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਭਾਜਪਾ ਸਰਕਾਰ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ, ਇਸ ਲਈ ਸੂਬਾ ਪੱਧਰ ’ਤੇ ਭਾਜਪਾ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਰਹੀਆਂ ਹਨ ਪਰ ਕੌਮੀ ਪੱਧਰ ’ਤੇ ਵੀ ਪਾਰਟੀਆਂ ਨੂੰ ਇਕਜੁੱਟ ਹੋਣ ਦੀ ਲੋੜ ਹੈ। ਪੰਜਾਬ ਦੀ ‘ਆਪ’ ਸਰਕਾਰ ਨੂੰ ਲੰਬੇ ਹੱਥੀਂ ਲੈਂਦਿਆਂ ਉਨ੍ਹਾਂ ਦੋਸ਼ ਲਾਇਆ ਕਿ 92 ਸੀਟਾਂ ਜਿੱਤ ਕੇ ਸੱਤਾ ਸਾਂਭਣ ਵਾਲੀ ਆਮ ਆਦਮੀ ਪਾਰਟੀ, ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਸਟੈਂਡ ਲੈਣ ਅਤੇ ਆਪਣੇ ਚੋਣ ਵਾਅਦੇ ਪੂਰੇ ਕਰਨ ’ਚ ਨਾਕਾਮ ਸਾਬਿਤ ਹੋ ਰਹੀ ਹੈ। ਡਾ. ਅਰੀਤ ਨੇ ਕਿਹਾ, ‘‘ਸਾਡੇ ਇਨਕਲਾਬੀ ਦੇਸ਼ਭਗਤਾਂ ਨੇ ਜਿਸ ਇਨਕਲਾਬ ਦਾ ਸੁਫ਼ਨਾ ਲਿਆ ਸੀ, ਉਸ ਵੱਲ ਅੱਗੇ ਵਧਣ ਦੀ ਬਜਾਏ ਅੱਜ ਦੇਸ਼ ਆਰਐੱਸਐੱਸ-ਬੀਜੇਪੀ ਤੇ ਮੋਦੀ ਸਰਕਾਰ ਵੱਲੋਂ ਬਣਾਏ ਫਾਸਿਸਟ ਚੱਕਰਵਿਊਹ ਵਿੱਚ ਫਸ ਗਿਆ ਹੈ। ਸੀਪੀਆਈ ਦੇ ਸੀਨੀਅਰ ਆਗੂ ਕਾਮਰੇਡ ਭੁਪਿੰਦਰ ਸਿੰਘ ਸਾਂਬਰ ਅਤੇ ਆਰਐੱਮਪੀਆਈ ਦੇ ਸੂਬਾ ਸਕੱਤਰ ਕਾਮਰੇਡ ਪ੍ਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਅੱਜ ਸੂਬੇ ਤੇ ਦੇਸ਼ ਦੀਆਂ ਸਾਰੀਆਂ ਖੱਬੀਆਂ, ਜਮਹੂਰੀ, ਧਰਮ ਨਿਰਪੱਖ ਤੇ ਦੇਸ਼ਭਗਤ ਸ਼ਕਤੀਆਂ ਦੇ ਏਕੇ ਤੇ ਸਾਂਝੇ ਸੰਘਰਸ਼ਾਂ ਦੀ ਹੋਰ ਕਿਸੇ ਵੀ ਵਕਤ ਨਾਲੋਂ ਵਧੇਰੇ ਜ਼ਰੂਰਤ ਹੈ।
ਫੋਕਲੋਰ ਰਿਸਰਚ ਅਕੈਡਮੀ ਦੇ ਮੁਖੀ ਰਮੇਸ਼ ਯਾਦਵ ਨੇ ਸਰਹੱਦ ਦੇ ਦੋਵੇਂ ਪਾਸੇ ਵੱਸਦੇ ਪੰਜਾਬੀਆਂ ਦੀਆਂ ਇੱਛਾਵਾਂ ਮੁਤਾਬਕ ਭਾਰਤ ਪਾਕਿਸਤਾਨ ਵਿਚਾਲੇ ਬੇਰੋਕ ਆਉਣ-ਜਾਣ ਤੇ ਵਪਾਰ ਦੀ ਖੁੱਲ੍ਹ ਦੇਣ ਦੀ ਮੰਗ ਉਭਾਰੀ। ਉਦਘਾਟਨੀ ਸੈਸ਼ਨ ਦੀ ਕਾਰਵਾਈ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਨੇ ਚਲਾਈ।
ਮੰਚ ਉੱਤੇ ਮਹਿਮਾਨ ਬੁਲਾਰਿਆਂ ਤੋਂ ਇਲਾਵਾ ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਕੇਂਦਰੀ ਅਬਜ਼ਰਵਰ ਕਾਮਰੇਡ ਰਵੀ ਰਾਏ, ਪਾਰਟੀ ਦੀ ਜੰਮੂ ਕਸ਼ਮੀਰ ਇਕਾਈ ਦੇ ਸਕੱਤਰ ਕਾਮਰੇਡ ਨਿਰਦੋਸ਼ ਉਪਲ, ਪੰਜਾਬ ਦੇ ਪਾਰਟੀ ਇੰਚਾਰਜ ਪਰਸ਼ੋਤਮ ਸ਼ਰਮਾ, ਗੁਰਨਾਮ ਸਿੰਘ ਦਾਊਦ, ਕਾਮਰੇਡ ਸੁਖਦਰਸ਼ਨ ਸਿੰਘ ਨੱਤ, ਭਗਵੰਤ ਸਿੰਘ ਸਮਾਓਂ, ਕੰਵਲਜੀਤ ਚੰਡੀਗੜ੍ਹ, ਜਸਬੀਰ ਕੌਰ ਨੱਤ, ਗੁਰਪ੍ਰੀਤ ਸਿੰਘ ਰੂੜੇਕੇ, ਕਾਮਰੇਡ ਬਲਬੀਰ ਸਿੰਘ ਝਾਮਕਾ ਤੇ ਕਾਮਰੇਡ ਬਲਬੀਰ ਸਿੰਘ ਮੂਧਲ ਵੀ ਮੌਜੂਦ ਸਨ। ਇਸ ਮੌਕੇ ਕਿਸਾਨ ਆਗੂ ਰੂਲਦੂ ਸਿੰਘ ਮਾਨਸਾ ਵੀ ਹਾਜ਼ਰ ਸਨ ਪਰ ਉਨ੍ਹਾਂ ਨੇ ਮੰਚ ’ਤੇ ਜਾਣ ਤੋਂ ਮਨਾਂ ਕਰ ਦਿੱਤਾ ਜਦੋਂ ਕਿ ਉਨ੍ਹਾਂ ਨੂੰ ਮੰਚ ’ਤੇ ਆਉਣ ਦਾ ਸੱਦਾ ਵੀ ਦਿੱਤਾ ਗਿਆ ਸੀ।