ਜੋਗਿੰਦਰ ਸਿੰਘ ਮਾਨ
ਮਾਨਸਾ, 9 ਜੁਲਾਈ
ਬਿਜਲੀ ਸੰਕਟ ਨਾਲ ਜੂਝ ਰਹੇ ਪੰਜਾਬ ਨੂੰ ਹੁਣ ਹੋਰ ਵੀ ਗੰਭੀਰ ਹਾਲਾਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਬਣਾਂਵਾਲਾ ਤਾਪ ਘਰ ਦਾ ਤੀਜਾ ਯੂਨਿਟ ਵੀ ਅੱਜ ਬੰਦ ਹੋ ਗਿਆ ਹੈ। ਇਸ ਤੋਂ ਪਹਿਲਾਂ ਇਸ ਤਾਪ ਘਰ ਦਾ ਯੂਨਿਟ ਨੰਬਰ-3 ਪਹਿਲਾਂ ਹੀ ਕੋਈ ਵੱਡਾ ਨੁਕਸ ਪੈਣ ਕਾਰਨ ਝੋਨੇ ਦੀ ਲੁਆਈ ਦਾ ਸੀਜ਼ਨ ਸ਼ੁਰੂ ਹੋਣ ਵੇਲੇ ਤੋਂ ਹੀ ਬੰਦ ਚਲਿਆ ਆ ਰਿਹਾ ਹੈ ਜਦਕਿ ਯੂਨਿਟ ਨੰਬਰ-1 ਪਿਛਲੇ ਇੱਕ ਹਫ਼ਤੇ ਤੋਂ ਬੰਦ ਹੈ।
ਪ੍ਰਾਈਵੇਟ ਭਾਈਵਾਲੀ ਤਹਿਤ ਵੇਦਾਂਤਾ ਕੰਪਨੀ ਵੱਲੋਂ ਮਾਨਸਾ ਨੇੜੇ ਪਿੰਡ ਬਣਾਂਵਾਲਾ ’ਚ ਲਾਇਆ ਗਿਆ ਉੱਤਰੀ ਭਾਰਤ ਦਾ ਇਹ ਸਭ ਤੋਂ ਵੱਡਾ ਤਾਪਘਰ ਹੈ, ਜਿਸ ਦੇ ਤਿੰਨ ਯੂਨਿਟਾਂ ਦੀ ਕੁੱਲ ਸਮਰੱਥਾ 1980 ਮੈਗਾਵਾਟ ਦੀ ਹੈ ਅਤੇ ਇਸ ਦੇ 660 ਮੈਗਾਵਾਟ ਦੇ ਤਿੰਨ ਯੂਨਿਟ ਹਨ, ਜੋ ਇਸ ਵੇਲੇ ਬਿਜਲੀ ਦੇਣ ਦੇ ਬਿਲਕੁਲ ਯੋਗ ਨਹੀਂ ਹਨ। ਇੱਕ ਹਫ਼ਤਾ ਪਹਿਲਾਂ ਹੀ ਇਹ ਤਾਪ ਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐੱਸਪੀਐੱਲ) ਉੱਤਰੀ ਗਰਿੱਡ ਨੂੰ ਸਭ ਤੋਂ ਜ਼ਿਆਦਾ ਲਗਭਗ 1178 ਮੈਗਾਵਾਟ ਬਿਜਲੀ ਸਪਲਾਈ ਕਰ ਰਿਹਾ ਸੀ। ਤਾਪ ਘਰ ਦੇ ਇੱਕ ਉੱਚ ਅਧਿਕਾਰੀ ਦਾ ਕਹਿਣਾ ਹੈ ਕਿ ਇੱਕ ਤੇ ਦੋ ਨੰਬਰ ਯੂਨਿਟ ਦੀ ਇੱਕ ਟਿਊਬ ਵਿਚ ਕੋਈ ਤਕਨੀਕੀ ਨੁਕਸ ਪੈ ਗਿਆ ਹੈ, ਜਿਸ ਦੇ ਪਾਣੀ ਨੂੰ ਠੰਢਾ ਕੀਤਾ ਜਾ ਰਿਹਾ ਹੈ ਅਤੇ ਜਿਉਂ ਇਹ ਠੰਢਾ ਹੁੰਦਾ ਹੈ ਤਾਂ ਨੁਕਸਾਨੀ ਟਿਊਬ ਨੂੰ ਠੀਕ ਕਰਕੇ ਮੁੜ ਚਾਲੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਦੇ ਛੇਤੀ ਹੀ ਠੀਕ ਹੋ ਕੇ ਮੁੜ ਬਿਜਲੀ ਉਤਪਾਦਨ ਪੈਦਾ ਕਰਨ ਦੀ ਉਮੀਦ ਹੈ। ਤਲਵੰਡੀ ਸਾਬੋ ਪਾਵਰ ਪਲਾਂਟ ਦੇ ਉੱਚ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਕਹਿਣ ਦੇ ਬਾਵਜੂਦ ਕੋਲ ਇੰਡੀਆ ਨੇ ਇਸ ਤਾਪ ਘਰ ਨੂੰ ਸਥਾਨਕ ਕੋਲਾ ਵਰਤਣ ਦੀ ਆਗਿਆ ਨਹੀਂ ਦਿੱਤੀ, ਜਿਸ ਕਾਰਨ ਵਾਰ-ਵਾਰ ਟਰਬਾਈਨ ਖ਼ਰਾਬ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਚੀਨ ਤੋਂ ਇਲਾਵਾ ਦੱਖਣੀ ਕੋਰੀਆ, ਬੀਐੱਚਈਐੱਲ ਦੇ ਅਧਿਕਾਰੀ ਤੇ ਜਨਰਲ ਇਲੈਕ੍ਰਟੀਕਲ ਦੇ ਇੰਜੀਨੀਅਰ ਮੁਰੰਮਤ ਲਈ ਜੁੱਟੇ ਹੋਏ ਹਨ। ਉਨ੍ਹਾਂ ਕਿਹਾ ਕਿ ਦੋ ਯੂਨਿਟਾਂ ਦੇ ਭਲਕ ਤੱਕ ਠੀਕ ਹੋ ਕੇ ਬਿਜਲੀ ਉਤਪਾਦਨ ਕਰਨ ਦੀ ਉਮੀਦ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 8 ਮਾਰਚ ਤੋਂ ਜਿਹੜਾ ਯੂਨਿਟ ਨੰਬਰ-3 ਬੰਦ ਹੈ, ਉਸ ਦੇ ਚੀਨ ਤੋਂ ਸਾਰੇ ਔਜ਼ਾਰ ਆ ਗਏ ਹਨ ਅਤੇ ਇਸ ਨੂੰ ਜ਼ਿਆਦਾ ਪੈਸਾ ਖਰਚ ਕਰਕੇ ਤਿੰਨ ਮਹੀਨਿਆਂ ਵਿੱਚ ਚਾਲੂ ਕਰਨ ਦੇ ਉਪਰਾਲੇ ਦੋ ਮਹੀਨੇ ਪਹਿਲਾਂ ਆਰੰਭ ਹੋਏ ਹਨ ਅਤੇ ਇਹ ਜੁਲਾਈ ਦੇ ਅਖ਼ੀਰ ਤੱਕ ਬਿਜਲੀ ਉਤਪਾਦਨ ਸ਼ੁਰੂ ਕਰ ਦੇਵੇਗਾ।