ਜੋਗਿੰਦਰ ਸਿੰਘ ਮਾਨ
ਮਾਨਸਾ, 19 ਅਕਤੂਬਰ
ਇੱਥੋਂ ਨੇੜਲੇ ਪਿੰਡ ਬਣਾਂਵਾਲਾ ਵਿੱਚ ਨਿੱਜੀ ਭਾਈਵਾਲੀ ਤਹਿਤ ਲੱਗੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਤਾਪ ਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐੱਸਪੀਐੱਲ) ਵੱਲੋਂ ਅੱਜ ਪੰਜਾਬ ਲਈ ਸਭ ਤੋਂ ਜ਼ਿਆਦਾ ਬਿਜਲੀ ਦੀ ਪੈਦਾਵਾਰ ਕੀਤੀ ਗਈ ਹੈ। ਇਸ ਤੋਂ ਬਾਅਦ ਨਿੱਜੀ ਭਾਈਵਾਲੀ ਵਾਲੇ ਰਾਜਪੁਰਾ ਤਾਪ ਘਰ ਨੇ ਉਤਰੀ ਗਰਿੱਡ ਨੂੰ ਬਿਜਲੀ ਦਿੱਤੀ, ਜਦੋਂ ਕਿ ਸੂਬੇ ਵਿਚਲੇ ਸਰਕਾਰੀ ਤਾਪ ਘਰ ਰੋਪੜ ਅਤੇ ਲਹਿਰਾ ਮੁਹੱਬਤ ਦੇ ਸਾਰੇ ਚਾਰ ਯੂਨਿਟ ਅੱਜ ਤੀਜੇ ਦਿਨ ਵੀ ਬੰਦ ਰਹੇ। ਜਾਣਕਾਰੀ ਅਨੁਸਾਰ ਵੇਦਾਂਤਾ ਕੰਪਨੀ ਵੱਲੋਂ ਬਣਾਂਵਾਲਾ ਵਿੱਚ ਲਾਏ ਗਏ ਤਾਪ ਘਰ ਦੇ ਤਿੰਨੋਂ ਯੂਨਿਟਾਂ ਵੱਲੋਂ ਅੱਜ 1593 ਮੈਗਾਵਾਟ ਬਿਜਲੀ ਸਪਲਾਈ ਦਿੱਤੀ ਗਈ। ਤਾਪ ਘਰ ਦੇ ਪ੍ਰਬੰਧਕਾਂ ਮੁਤਾਬਕ ਯੂਨਿਟ ਨੰਬਰ-1 ਵੱਲੋਂ 360, ਯੂਨਿਟ ਨੰਬਰ-2 ਵੱਲੋਂ 618 ਅਤੇ ਯੂਨਿਟ ਨੰਬਰ-3 ਵੱਲੋਂ 617 ਮੈਗਾਵਾਟ ਬਿਜਲੀ ਸਪਲਾਈ ਕੀਤੀ ਗਈ। ਇਸ ਤਾਪ ਘਰ ਦੀ ਕੁੱਲ ਸਮਰੱਥਾ 1980 ਮੈਗਾਵਾਟ ਹੈ। ਇਸੇ ਤਰ੍ਹਾਂ ਐੱਲ ਐਂਡ ਟੀ ਤਾਪ ਘਰ ਰਾਜਪੁਰਾ ਦੇ ਯੂਨਿਟ ਨੰਬਰ-1 ਤੋਂ 667 ਮੈਗਾਵਾਟ ਅਤੇ ਯੂਨਿਟ ਨੰਬਰ-2 ਤੋਂ 664 ਮੈਗਾਵਾਟ ਤਹਿਤ ਕੁੱਲ 1325 ਮੈਗਾਵਾਟ ਬਿਜਲੀ ਸਪਲਾਈ ਕੀਤੀ ਗਈ। ਇਸ ਤਾਪ ਘਰ ਦੀ ਸਮਰੱਥਾ 1400 ਮੈਗਾਵਾਟ ਦੱਸੀ ਜਾਂਦੀ ਹੈ। ਇਸੇ ਦੌਰਾਨ ਜੀਵੀਕੇ ਗੋਬਿੰਦਵਾਲ ਦਾ ਇੱਕ ਯੂਨਿਟ ਲਗਾਤਾਰ ਤਿੰਨ ਦਿਨਾਂ ਤੋਂ ਬੰਦ ਹੈ ਅਤੇ ਯੂਨਿਟ ਨੰਬਰ-1 ਵੱਲੋਂ ਅੱਜ 221 ਮੈਗਾਵਾਟ ਬਿਜਲੀ ਸਪਲਾਈ ਦਿੱਤੀ ਗਈ। ਦੂਜੇ ਪਾਸੇ ਹਾਈਡਰੋ ਪਾਵਰ ਸਟੇਸ਼ਨਾਂ ਤੋਂ ਅੱਜ 302 ਮੈਗਾਵਾਟ ਬਿਜਲੀ ਹਾਸਲ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਜੀਜੀਐੱਸਐੱਸਟੀਪੀ ਰੋਪੜ ਤੇ ਜੀਐੱਚਟੀਪੀ ਲਹਿਰਾ ਮੁਹੱਬਤ ਦੇ ਲਗਾਤਾਰ ਤਿੰਨ ਦਿਨਾਂ ਤੋਂ ਚੱਲ ਰਹੇ ਰਹੇ ਚਾਰ-ਚਾਰ ਯੂਨਿਟ ਅੱਜ ਵੀ ਬੰਦ ਰਹੇ।