ਆਤਿਸ਼ ਗੁਪਤਾ
ਚੰਡੀਗੜ੍ਹ, 5 ਸਤੰਬਰ
ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਣ ਦੇ ਨਾਲ ਹੀ ਸੂਬੇ ’ਚ ਸਿਆਸੀ ਪਾਰਾ ਚੜ੍ਹਦਾ ਜਾ ਰਿਹਾ ਹੈ। ਸਾਰੀਆਂ ਸਿਆਸੀ ਪਾਰਟੀਆਂ ਨੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਵੱਡੀ ਗਿਣਤੀ ਵਿੱਚ ਆਗੂ ਪਾਰਟੀਆਂ ਬਦਲ ਰਹੇ ਹਨ। ਇਸੇ ਤਰ੍ਹਾਂ ਪਾਰਟੀਆਂ ਬਦਲ ਕੇ ਆਏ ਕਈ ਆਗੂਆਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਵੀ ਦਿੱਤੀਆਂ ਜਾ ਰਹੀਆਂ ਹਨ, ਜਿਸ ਦਾ ਪਾਰਟੀ ਵਿਚਲੇ ਹੀ ਕਈ ਆਗੂਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
‘ਆਪ’ ਵਿੱਚ ਨਵੇਂ ਚਿਹਰਿਆਂ ਦਾ ਅੰਦਰੂਨੀ ਵਿਰੋਧ ਤਾਂ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਹੈ ਪਰ ਖੁੱਲ੍ਹ ਕੇ ਵਿਰੋਧ ਦੀ ਸ਼ੁਰੂਆਤ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਹੋਈ ਹੈ। ਇੱਥੇ ਕਾਂਗਰਸ ਛੱਡ ਕੇ ਆਏ ਬਲਕਾਰ ਸਿੰਘ ਸਿੱਧੂ ਨੂੰ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਜਿਸ ਖ਼ਿਲਾਫ਼ ‘ਆਪ’ ਦੇ ਬਲਾਕ ਅਤੇ ਸਰਕਲ ਪ੍ਰਧਾਨਾਂ ਨੇ ਹਾਈਕਮਾਂਡ ਨੂੰ ਪੱਤਰ ਭੇਜਿਆ ਹੈ। ਇਹ ਚਿੱਠੀ ਭਗਵੰਤ ਮਾਨ ਦੇ ਨਾਂ ਲਿਖੀ ਗਈ ਹੈ, ਜਿਸ ਦੀ ਕਾਪੀ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ, ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਸਹਿ ਇੰਚਾਰਜ ਰਾਘਵ ਚੱਢਾ ਸਣੇ ਹੋਰਨਾਂ ਸੀਨੀਅਰ ਆਗੂਆਂ ਨੂੰ ਭੇਜੀ ਗਈ ਹੈ। ਇਸ ਬਾਰੇ ਬਲਾਕ ਪ੍ਰਧਾਨ ਸੁਖਜੀਤ ਮਹਿਰਾਜ ਨੇ ਕਿਹਾ ਕਿ ਉਹ ਪਾਰਟੀ ਨਾਲ ਪਿਛਲੇ ਲੰਮੇ ਸਮੇਂ ਤੋਂ ਜੁੜੇ ਹੋਏ ਹਨ। ਕੁਝ ਸਮਾਂ ਪਹਿਲਾਂ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦੇਣਾ ਗਲਤ ਹੈ। ਰਾਮਪੁਰਾ ਫੂਲ ਤੋਂ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਦਿੱਲੀ ਵਿੱਚ ਕੀਤੇ ਗਏ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਸ਼ਾਮਲ ਹੋਏ ਸਨ। ਉਹ ਰਾਮਪੁਰਾ ਫੂਲ ਦੇ ਪਿੰਡ ਮਹਿਰਾਜ ਦੇ ਰਹਿਣ ਵਾਲੇ ਹਨ। ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਨਾਰਾਜ਼ ਵਰਕਰਾਂ ਨੂੰ ਮਨਾ ਲਿਆ ਜਾਵੇਗਾ।