ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 16 ਜੂਨ
ਕੱਚੇ ਅਧਿਆਪਕ ਯੂਨੀਅਨ ਪੰਜਾਬ ਅਤੇ ਸਿੱਖਿਆ ਪ੍ਰੋਵਾਈਡਰ ਯੂਨੀਅਨ ਸਣੇ ਹੋਰਨਾਂ ਅਧਿਆਪਕ ਯੂਨੀਅਨਾਂ (ਈਪੀਐੱਸ, ਐੱਸਟੀਆਰ, ਏਆਈਈ ਅਤੇ ਆਈਈਵੀ) ਦੇ ਮੈਂਬਰਾਂ ਵੱਲੋਂ ਅੱਜ ਵਰ੍ਹਦੇ ਮੀਂਹ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਇਕ ਪਾਸੇ ਜਿੱਥੇ ਕੁਝ ਅਧਿਆਪਕ ਪੈਟਰੋਲ ਦੀਆਂ ਬੋਤਲਾਂ ਲੈ ਕੇ ਸਿੱਖਿਆ ਭਵਨ ਦੀ ਛੱਤ ’ਤੇ ਚੜ੍ਹ ਗਏ ਤੇ ਉਨ੍ਹਾਂ ਆਪਣੇ ਉੱਪਰ ਪੈਟਰੋਲ ਵੀ ਛਿੜਕ ਲਿਆ, ਉੱਥੇ ਹੀ ਸਿੱਖਿਆ ਸਕੱਤਰ ਦੇ ਦਫ਼ਤਰ ਦੇ ਬਾਹਰ ਇਕ ਮਹਿਲਾ ਅਧਿਆਪਕ ਨੇ ਸਲਫ਼ਾਸ ਨਿਗਲ ਲਿਆ ਜਿਸ ਨੂੰ ਸਾਥੀ ਅਧਿਆਪਕਾਂ ਨੇ ਸਮਾਂ ਰਹਿੰਦੇ ਹਸਪਤਾਲ ਪਹੁੰਚਾ ਕੇ ਬਚਾਅ ਲਿਆ।
ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚੋਂ ਕੱਚੇ ਅਧਿਆਪਕ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿਖੇ ਸਵੇਰੇ ਇਕੱਠੇ ਹੋਣੇ ਸ਼ੁਰੂ ਹੋ ਗਏ, ਜਿੱਥੇ ਉਨ੍ਹਾਂ ਅਧਿਆਪਕ ਵਿਰੋਧੀ ਸਿੱਖਿਆ ਨੀਤੀਆਂ ਦੀ ਨਿਖੇਧੀ ਕਰਦਿਆਂ ਸਿੱਖਿਆ ਸਕੱਤਰ ਤੇ ਹੁਕਮਰਾਨਾਂ ਨੂੰ ਰੱਜ ਕੇ ਭੰਡਿਆ। ਇਸ ਮੌਕੇ ਸੂਬਾ ਪ੍ਰਧਾਨ ਅਜਮੇਰ ਸਿੰਘ ਔਲਖ, ਰਿਤੂ ਬਾਲਾ ਕਪੂਰਥਲਾ, ਅਮਨਦੀਪ ਕੌਰ, ਰਵਨੀਤ ਕੌਰ, ਗਗਨਦੀਪ ਕੌਰ, ਜੁਝਾਰ ਸਿੰਘ ਸੰਗਰੂਰ, ਰਣਜੀਤ ਸਿੰਘ ਭੱਟੀਵਾਲ ਅਤੇ ਗੁਰਪ੍ਰੀਤ ਕੌਰ ਨੇ ਕਿਹਾ ਕਿ ਹੁਣ ਉਹ ਸਰਕਾਰ ਦੇ ਝੂਠੇ ਲਾਰਿਆਂ ਵਿੱਚ ਆਉਣ ਵਾਲੇ ਨਹੀਂ ਹਨ ਬਲਕਿ ਇਹ ਉਨ੍ਹਾਂ ਦੀ ਆਖ਼ਰੀ ਤੇ ਫੈਸਲਾਕੁਨ ਲੜਾਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਝੂਠੇ ਦਾਅਵੇ ਕਰ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।
ਇਸੇ ਦੌਰਾਨ ਅਧਿਆਪਕ ਵੱਡੇ ਕਾਫ਼ਲੇ ਦੇ ਰੂਪ ਵਿੱਚ ਰੋਸ ਮਾਰਚ ਕਰਦੇ ਹੋਏ ਸਿੱਖਿਆ ਸਕੱਤਰ ਦੇ ਦਫ਼ਤਰ ਦੇ ਬਾਹਰ ਪਹੁੰਚ ਗਏ ਅਤੇ ਧਰਨਾ ਸ਼ੁਰੂ ਕਰ ਦਿੱਤਾ। ਧਰਨੇ ਦੌਰਾਨ ਕਈ ਅਧਿਆਪਕ ਸਤਿੰਦਰ ਸਿੰਘ ਕੰਗ ਤਰਨ ਤਾਰਨ, ਕੁਲਬੀਰ ਸਿੰਘ ਅਬੋਹਰ, ਕੁਲਵਿੰਦਰ ਸਿੰਘ ਸੰਗਰੂਰ, ਬੇਅੰਤ ਸਿੰਘ ਪਟਿਆਲਾ, ਸਮਰ ਸਿੰਘ ਮਾਨਸਾ ਪੁਲੀਸ ਨੂੰ ਝਕਾਨੀ ਦੇ ਕੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਸਿੱਖਿਆ ਸਕੱਤਰ ਦੇ ਦਫ਼ਤਰ ਦੀ ਛੱਤ ਉੱਤੇ ਚੜ੍ਹ ਗਏ ਅਤੇ ਆਤਮਦਾਹ ਕਰਨ ਦੀ ਧਮਕੀ ਦਿੱਤੀ, ਜਿਸ ਕਾਰਨ ਪੁਲੀਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਦੋ ਅਧਿਆਪਕਾਂ ਨੇ ਤਾਂ ਆਪਣੇ ਉੱਪਰ ਪੈਟਰੋਲ ਵੀ ਛਿੜਕ ਲਿਆ। ਦੱਸਣਯੋਗ ਹੈ ਕਿ ਛੱਤ ’ਤੇ ਚੜ੍ਹੇ ਅਧਿਆਪਕਾਂ ’ਚ ਸ਼ਾਮਲ ਸਮਰ ਸਿੰਘ ਮਾਨਸਾ ਨੇ ਪਿਛਲੀ ਅਕਾਲੀ ਸਰਕਾਰ ਵੇਲੇ ਮੰਗਾਂ ਸਬੰਧੀ ਦਿੱਤੇ ਧਰਨੇ ਦੌਰਾਨ ਖ਼ੁਦ ਨੂੰ ਅੱਗ ਲਗਾ ਲਈ ਸੀ ਪਰ ਉਦੋਂ ਉਹ ਬਚ ਗਿਆ ਸੀ।
ਮੌਕੇ ’ਤੇ ਮੌਜੂਦ ਮੁਹਾਲੀ ਦੇ ਐੱਸਡੀਐੱਮ ਜਗਦੀਪ ਸਹਿਗਲ, ਬੀਡੀਪੀਓ ਹਿਤੇਨ ਕਪਿਲਾ, ਐੱਸਪੀ ਸਿਟੀ ਹਰਵਿੰਦਰ ਸਿੰਘ ਵਿਰਕ, ਡੀਐੱਸਪੀ ਦੀਪਕਮਲ ਤੇ ਗੁਰਸ਼ੇਰ ਸਿੰਘ ਸੰਧੂ ਲਗਾਤਾਰ ਅਧਿਆਪਕਾਂ ਨੂੰ ਗੱਲੀਂ-ਬਾਤੀਂ ਸਮਝਾਉਣ ਦਾ ਯਤਨ ਕਰਦੇ ਰਹੇ ਸਨ ਪਰ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੀ ਇਕ ਨਹੀਂ ਸੁਣੀ। ਐੱਸਪੀ ਵਿਰਕ ਨੇ ਭਲਕੇ ਸਵੇਰੇ 11 ਵਜੇ ਸਿੱਖਿਆ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦੇ ਕੇ ਧਰਨਾ ਖ਼ਤਮ ਕਰਨ ਦੀ ਅਪੀਲ ਕੀਤੀ ਪਰ ਕੱਚੇ ਅਧਿਆਪਕਾਂ ਦਾ ਕਹਿਣਾ ਸੀ ਕਿ ਉਹ ਇਨਸਾਫ਼ ਲੈ ਕੇ ਹੀ ਇੱਥੋਂ ਜਾਣਗੇ। ਧਰਨਾਕਾਰੀਆਂ ਨੇ ਕਿਹਾ ਕਿ ਸਰਕਾਰ ਅੱਜ ਉਨ੍ਹਾਂ ਨੂੰ ਰੈਗੂਲਰ ਕਰਨ ਦਾ ਪੱਤਰ ਜਾਰੀ ਕਰੇ। ਜੇਕਰ ਅਜਿਹਾ ਸਰਕਾਰ ਦੇ ਵੱਸ ਵਿੱਚ ਨਹੀਂ ਹੈ ਤਾਂ ਉਨ੍ਹਾਂ ਨੂੰ ਨੌਕਰੀ ਤੋਂ ਫਾਰਗ ਕਰਨ ਦਾ ਫ਼ੁਰਮਾਨ ਜਾਰੀ ਕਰੇ। ਇਸ ਤੋਂ ਘੱਟ ਉਨ੍ਹਾਂ ਨੂੰ ਕੋਈ ਗੱਲ ਮਨਜ਼ੂਰ ਨਹੀਂ ਹੈ।
ਲਾਠੀਚਾਰਜ ਦੇ ਵਿਰੋਧ ’ਚ ਅਧਿਆਪਕਾ ਨੇ ਸਲਫ਼ਾਸ ਖਾਧੀ
ਅਧਿਆਪਕਾਂ ਨੇ ਪੁਲੀਸ ਦਾ ਸੁਰੱਖਿਆ ਘੇਰਾ ਤੋੜ ਕੇ ਸਿੱਖਿਆ ਭਵਨ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਵੱਲੋਂ ਹਲਕਾ ਲਾਠੀਚਾਰਜ ਕੀਤਾ ਗਿਆ, ਜਿਸ ਕਾਰਨ ਗੁੱਸੇ ਵਿੱਚ ਆ ਕੇ ਮਹਿਲਾ ਅਧਿਆਪਕ ਰਾਜਵਿੰਦਰ ਕੌਰ ਮਾਨਸਾ ਨੇ ਸਲਫ਼ਾਸ ਖਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਮੌਕੇ ’ਤੇ ਮੌਜੂਦ ਪੁਲੀਸ ਜਾਂ ਪ੍ਰਸ਼ਾਸਨ ਦੇ ਅਧਿਕਾਰੀ ਨੇ ਮਹਿਲਾ ਨੂੰ ਹਸਪਤਾਲ ਵਿੱਚ ਪਹੁੰਚਾਉਣ ਦਾ ਯਤਨ ਨਹੀਂ ਕੀਤਾ ਸਗੋਂ ਧਰਨਾਕਾਰੀ ਹੀ ਉਸ ਨੂੰ ਨੇੜੇ ਦੇ ਹਸਪਤਾਲ ਵਿੱਚ ਲੈ ਕੇ ਗਏ। ਮਹਿਲਾ ਅਧਿਆਪਕ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਬਾਅਦ ਵਿੱਚ ਮਹਿਲਾ ਦੀ ਅਪੀਲ ’ਤੇ ਉਸ ਨੂੰ ਧਰਨੇ ਵਾਲੀ ਥਾਂ ’ਤੇ ਲਿਆਂਦਾ ਗਿਆ। ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।