ਚਰਨਜੀਤ ਭੁੱਲਰ/ਜੋਗਿੰਦਰ ਸਿੰਘ ਮਾਨ
ਚੰਡੀਗੜ੍ਹ/ਮਾਨਸਾ, 29 ਮਈ
ਮਾਨਸਾ ਜ਼ਿਲ੍ਹੇ ਦਾ ਪਿੰਡ ਮੂਸਾ ਅੱਜ ਉਦਾਸ ਹੈ। ਗਮ ਵਿੱਚ ਡੁੱਬੇ ਇਸ ਪਿੰਡ ਨੇ ਚੜ੍ਹਦਾ ਸੂਰਜ ਵੀ ਦੇਖਿਆ ਸੀ, ਜਦੋਂ ਕੌਮਾਂਤਰੀ ਸਫਾ ਤੱਕ ਪਿੰਡ ਦੀ ਗੂੰਜ ਪਈ ਸੀ। ਅੱਜ ਪਿੰਡ ਮੂਸਾ ਦਾ ਸੂਰਜ ਡੁੱਬ ਗਿਆ। ਜਿੰਨਾ ਮਾਣ ਇਸ ਪਿੰਡ ਦੇ ਹਿੱਸੇ ਆਇਆ, ਉਨੇ ਹੀ ਗਮ ਅੱਜ ਇਸ ਪਿੰਡ ਦੀ ਝੋਲੀ ਵਿੱਚ ਹਨ। ਕਿਸੇ ਵੀ ਘਰ ਵਿੱਚ ਚੁੱਲ੍ਹੇ ਅੱਗ ਨਹੀਂ ਬਲੀ, ਸਭ ਅੱਖਾਂ ਨਮ ਸਨ। ਚਾਰ-ਚੁਫੇਰੇ ਸੁੰਨ ਪਸਰੀ ਹੋਈ ਹੈ। ਇੰਝ ਸਿੱਧੂ ਮੁੂਸੇਵਾਲਾ ਦੇ ਕਤਲ ਦੀ ਖ਼ਬਰ ਮਿਲੇਗੀ, ਚੇਤਿਆਂ ਵਿੱਚ ਵੀ ਨਹੀਂ ਸੀ। ਅੱਜ ਇੱਕ ਬੰਦੂਕ ਨੇ ਨੌਜਵਾਨ ਗਾਇਕ ਨੂੰ ਸਦਾ ਦੀ ਨੀਂਦ ਸੁਆ ਦਿੱਤਾ।
ਪਿੰਡ ਦੇ ਲੋਕ ਆਖਦੇ ਹਨ ਕਿ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਸਿੱਧ-ਪੱਧਰੇ ਸੁਭਾਅ ਵਾਲਾ ਸੀ, ਨਾ ਕੋਈ ਵਿੰਗ ਤੇ ਨਾ ਵਲ ਸੀ। ਜ਼ੁਬਾਨ ਦਾ ਖ਼ਰਾ ਸੀ ਅਤੇ ਦਲੇਰ ਸੀ। ਮਾਂ ਆਖ ਰਹੀ ਸੀ ਕਿ ‘ਮੈਨੂੰ ਵੀ ਇੱਕ ਗੋਲੀ ਮਾਰ ਦਿਓ।’ ਸਿੱਧੂ ਮਾਪਿਆਂ ਦਾ ਇਕਲੌਤਾ ਪੁੱਤ ਸੀ। ਪਿੰਡ ਮੂਸਾ ਦੀਆਂ ਭੈਣਾਂ ਦੇ ਦਿਲ ਵਿੱਚ ਹੌਲ ਪਿਆ। ਬਜ਼ੁਰਗਾਂ ਦੇ ਹੰਝੂ ਆਪ-ਮੁਹਾਰੇ ਵਹਿ ਤੁਰੇ। ਸਿੱਧੂ ਮੂਸੇਵਾਲਾ ਨੇ ਜਦੋਂ ਬੰਦੂਕ ਸੱਭਿਆਚਾਰ ਅਤੇ ਹਿੰਸਾ ਨੂੰ ਹੁਲਾਰ ਦੇਣ ਵਾਲੇ ਗਾਣੇ ਗਾਏ ਤਾਂ ਉਦੋਂ ਪਿੰਡ ਨੂੰ ਤਾਅਨਿਆਂ ਦਾ ਸੇਕ ਵੀ ਝੱਲਣਾ ਪਿਆ। ਕੌਮਾਂਤਰੀ ਪੱਧਰ ’ਤੇ ਨਾਮਣਾ ਖੱਟਣ ਦੇ ਬਾਵਜੂਦ ਸਿੱਧੂ ਮੂਸੇਵਾਲਾ ਨੇ ਆਪਣੇ ਪਿੰਡ ਵਾਲੇ ਘਰ ਵਿੱਚ ਹੀ ਰਹਿਣ ਨੂੰ ਤਰਜੀਹ ਦਿੱਤੀ। ਉਹ ਪੇਂਡੂ ਜ਼ਿੰਦਗੀ ਦਾ ਕਾਇਲ ਸੀ। ਉਸ ਦੇ ਪਿਤਾ ਸਾਬਕਾ ਫ਼ੌਜੀ ਹਨ, ਜਦੋਂ ਕਿ ਮਾਂ ਪਿੰਡ ਦੀ ਸਰਪੰਚ ਹੈ।
17 ਜੂਨ, 1993 ਨੂੰ ਜਨਮੇ ਸਿੱਧੂ ਮੂਸੇਵਾਲਾ ਦੇ ਲੱਖਾਂ ਦੀ ਗਿਣਤੀ ਵਿੱਚ ਚਾਹਵਾਨ ਹਨ। ਉਹ ‘ਲੀਜੈਂਡ’, ‘ਸ਼ੈਤਾਨ’, ‘ਜਰਾ ਸੁਣੋ’, ‘ਜੱਟ ਦਾ ਮੁਕਾਬਲਾ’ ਅਤੇ ‘ਹਥਿਆਰ’ ਵਰਗੇ ਹਿੱਟ ਪੰਜਾਬੀ ਟਰੈਕਾਂ ਲਈ ਜਾਣਿਆ ਜਾਂਦਾ ਸੀ। ਮੂਸੇਵਾਲਾ ਨੇ ਸਟਾਰਡਮ ਦਾ ਆਨੰਦ ਮਾਣਿਆ ਅਤੇ ਇਹ ਕਿਸੇ ਟਾਵੇਂ ਪੇਂਡੂ ਮੁੰਡੇ ਦੇ ਹਿੱਸੇ ਆਉਂਦੀ ਹੈ। ਸਤੰਬਰ, 2019 ਵਿੱਚ ਰਿਲੀਜ਼ ਹੋਏ ਉਸ ਦੇ ਗੀਤ ‘ਜੱਟੀ ਜਿਊਣੇ ਮੌੜ ਦੀ ਬੰਦੂਕ ਵਰਗੀ’ ਨੇ ਵੀ ਇੱਕ ਵਿਵਾਦ ਨੂੰ ਜਨਮ ਦਿੱਤਾ ਸੀ। ਇੱਕ ਗਾਣੇ ਦੇ ਮਾਮਲੇ ਵਿੱਚ ਉਸ ਨੇ ਮੁਆਫ਼ੀ ਵੀ ਮੰਗ ਲਈ ਸੀ।
ਮੂਸੇਵਾਲਾ ਨੇ ਲੁਧਿਆਣਾ ਵਿੱਚ ਇਲੈਕਟ੍ਰੀਕਲ ਇੰਜਨੀਅਰਿੰਗ ਦੀ ਡਿਗਰੀ ਕੀਤੀ ਸੀ ਅਤੇ ਉਸ ਨੇ ਕਾਲਜ ਦੇ ਦਿਨਾਂ ਵਿੱਚ ਹੀ ਸੰਗੀਤ ਦੀ ਸਿੱਖਿਆ ਹਾਸਲ ਕੀਤੀ। ਇਸ ਮਗਰੋਂ ਉਹ ਕੈਨੇਡਾ ਚਲਾ ਗਿਆ ਸੀ। ਉਸ ਨੂੰ ਕਈ ਪੁਲੀਸ ਕੇਸਾਂ ਦਾ ਵੀ ਸਾਹਮਣਾ ਕਰਨਾ ਪਿਆ। ਕਾਂਗਰਸ ਨੇ ਲੰਘੀਆਂ ਪੰਜਾਬ ਵਿਧਾਨ ਚੋਣਾਂ ਵਿੱਚ ਸਿੱਧੂ ਮੂਸੇਵਾਲਾ ਨੂੰ ਮਾਨਸਾ ਹਲਕੇ ਤੋਂ ਚੋਣ ਮੈਦਾਨ ਵਿੱਚ ਖੜ੍ਹਾ ਕੀਤਾ ਅਤੇ ਉਹ ‘ਆਪ’ ਦੇ ਵਿਜੈ ਸਿੰਗਲਾ ਤੋਂ ਹਾਰ ਗਏ ਸਨ। ਜਦੋਂ ਹੁਣ ਵਿਜੈ ਸਿੰਗਲਾ ਨੂੰ ਵਜ਼ੀਰੀ ਤੋਂ ਬਰਖਾਸਤ ਕੀਤਾ ਗਿਆ ਤਾਂ ਉਦੋਂ ਸਿੱਧੂ ਮੂਸੇਵਾਲਾ ਨੇ ਟਵੀਟ ਕੀਤੇ, ਜਿਨ੍ਹਾਂ ਤੋਂ ਮੁੜ ਉਹ ਚਰਚਾ ਵਿੱਚ ਆ ਗਿਆ ਸੀ। ਉਹ ਆਖਦਾ ਹੁੰਦਾ ਸੀ ਕਿ ਉਹ ਸਿਆਸਤ ਵਿੱਚ ਕਿਸੇ ਰੁਤਬੇ ਲਈ ਨਹੀਂ, ਬਲਕਿ ਸਿਸਟਮ ਨੂੰ ਬਦਲਣ ਲਈ ਸਿਆਸਤ ਦਾ ਹਿੱਸਾ ਬਣਨਾ ਚਾਹੁੰਦਾ ਹੈ। ਕਾਂਗਰਸ ਵਿਚ ਸ਼ਮੂਲੀਅਤ ਸਮੇਂ ਉਹ ਤਤਕਾਲੀ ਮੁੱਖ ਮੰਤਰੀ ਚਰਨਜੀਤ ਚੰਨੀ ਤੋਂ ਇਲਾਵਾ ਕਾਂਗਰਸੀ ਆਗੂ ਰਾਹੁਲ ਗਾਂਧੀ ਨਾਲ ਵੀ ਮਿਲਣੀ ਕੀਤੀ ਸੀ।
ਗਾਇਕ ਦੇ ਕਾਤਲਾਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ
ਪਿੰਡ ਮੂਸਾ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਸਿੱਧੂ ਨੇ ਘਟਨਾ ’ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਸਾਰਾ ਪਿੰਡ ਸੁੰਨ ਹੋਇਆ ਪਿਆ ਹੈ। ਸਿੱਧੂ ਦੇ ਕਤਲ ਲਈ ਪਿੰਡ ਵਾਸੀ ਸਰਕਾਰ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਸੱਭਿਆਚਾਰਕ ਚੇਤਨਾ ਮੰਚ ਦੇ ਪ੍ਰਧਾਨ ਹਰਿੰਦਰ ਮਾਨਸ਼ਾਹੀਆ ਅਤੇ ਜਨਰਲ ਸਕੱਤਰ ਹਰਦੀਪ ਸਿੱਧੂ ਨੇ ਕਿਹਾ ਕਿ ਪੰਜਾਬੀ ਗਾਇਕੀ ਨੂੰ ਦੁਨੀਆ ਦੇ ਹਰ ਕੋਨੇ ਵਿੱਚ ਪਹੁੰਚਾਉਣ ਵਾਲੇ ਸਿੱਧੂ ਮੂਸੇਵਾਲਾ ਦਾ ਕੋਈ ਬਦਲ ਨਹੀਂ। ਉਨ੍ਹਾਂ ਗਾਇਕ ਦੇ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ। ਮਾਨਸਾ ਦੇ ਪੰਜਾਬੀ ਗਾਇਕ ਬਲਜਿੰਦਰ ਸੰਦੀਲਾ ਨੇ ਦੱਸਿਆ ਕਿ 22 ਸਾਲ ਦੀ ਉਮਰ ਵਿੱਚ ‘ਕਸੂਰ’ ਨਾਲ ਮਸ਼ਹੂਰ ਹੋਣ ਵਾਲੇ ਸਿੱਧੂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਸੀ। ਉਸ ਨੇ ‘ਤੇਰੀ ਮੇਰੀ ਜੋੜੀ’, ‘ਯੈੱਸ ਆਈ ਐਮ ਸਟੂਡੈਂਟ’ ਅਤੇ ‘ਮੂਸਾ ਜੱਟ’ ਨਾਲ ਨਾਮ ਕਮਾਇਆ। ‘ਧੱਕਾ’ ਅਤੇ ‘295’ ਵਰਗੇ ਮਸ਼ਹੂਰ ਗੀਤ ਗਾਉਣ ਵਾਲੇ ਗਾਇਕ ਦਾ ਆਖ਼ਰੀ ਵੀਡੀਓ ਗੀਤ ‘ਲਾਈਵ’ ਸੀ।