ਗੁਰਪ੍ਰੀਤ ਸਿੰਘ
ਸਾਦਿਕ, 30 ਜੂਨ
ਸਾਦਿਕ ਵਿਖੇ ਕਿਸਾਨ ਨੇ ਖੇਤ ਵਿੱਚ ਖੜ੍ਹੀ ਕਮਾਦ ਦੀ ਫਸਲ ਨੂੰ ਅੱਗ ਲਗਾ ਦਿੱਤੀ। ਜਗਤਾਰ ਸਿੰਘ ਪੁੱਤਰ ਬਿੱਕਰ ਸਿੰਘ ਪੰਜ ਕਿੱਲੇ ਜਮੀਨ ਵਿੱਚੋਂ ਪਿਛਲੇ ਕੁੱਝ ਸਾਲਾਂ ਤੋਂ ਦੋ ਕਿੱਲੇ ਜ਼ਮੀਨ ਵਿੱਚ ਗੰਨੇ ਦੀ ਕਾਸ਼ਤ ਕਰਦਾ ਆ ਰਿਹਾ ਸੀ ਜੋ ਗਰਮੀ ਸੀਜ਼ਨ ਦੌਰਾਨ ਜੂਸ ਵਾਲਿਆਂ ਨੂੰ ਵੇਚਦਾ ਸੀ ਪਰ ਐਤਕੀ ਵਢਾਈ ਦੀ ਰੁੱਤੇ ਤਾਲਾਬੰਦੀ ਹੋਣ ਕਾਰਨ ਗੰਨਾ ਵਿਕਿਆ ਨਹੀਂ ਤਾਂ ਉਸ ਨੇ ਗੁੜ ਕਢਵਾਉਣਾ ਸ਼ੁਰੂ ਕਰ ਦਿੱਤਾ ਪਰ ਉਹ ਸੌਦਾ ਵੀ ਘਾਟੇ ਦਾ ਰਿਹਾ। ਜਦੋਂ ਤੱਕ ਬਜ਼ਾਰਾਂ ਵਿੱਚ ਰਸ ਦੀ ਮੰਗ ਬਣੀ ਤਾਂ ਗੰਨੇ ਨੂੰ ਬਿਮਾਰੀ ਪੈਣ ਲੱਗੀ ਤੇ ਰਸ ਸੁੱਕ ਗਿਆ। ਕਿਸਾਨ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦਾ ਦੋ ਲੱਖ ਤੋਂ ਵਧੇਰੇ ਨੁਕਸਾਨ ਹੋ ਚੁੱਕਿਆ ਹੈ। ਉਸ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਯੋਗ ਮੁਆਵਜ਼ਾ ਦੇਵੇ।