ਟ੍ਰਿਬਿਊਨ ਨਿਊਜ਼ ਸਰਵਿਸ/ਨਿੱਜੀ ਪੱਤਰ ਪ੍ਰੇਰਕ
ਅੰਮ੍ਰਿਤਸਰ/ਜਲੰਧਰ, 3 ਮਾਰਚ
ਯੂਕਰੇਨ ਤੋਂ ਪੰਜ ਪੰਜਾਬੀ ਵਿਦਿਆਰਥੀ ਅੱਜ ਸ਼ਾਮ ਨੂੰ ਇਥੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪੁੱਜੇ ਹਨ, ਜਿਨ੍ਹਾਂ ਦਾ ਮਾਪਿਆਂ ਤੇ ਹੋਰਨਾਂ ਨੇ ਨਿੱਘਾ ਸਵਾਗਤ ਕੀਤਾ। ਵਾਪਸ ਪਰਤੀ ਅੰਮ੍ਰਿਤਸਰ ਦੀ ਮੰਨਤ ਸ਼ਰਮਾ ਖ਼ਰਕੀਵ ਦੀ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਵਿੱਚ ਐੱਮਬੀਬੀਐੱਸ ਦੀ ਪੰਜਵੇਂ ਵਰ੍ਹੇ ਦੀ ਵਿਦਿਆਰਥਣ ਹੈ।
ਉਸ ਨੇ ਹੱਡਬੀਤੀ ਬਿਆਨਦਿਆਂ ਦੱਸਿਆ ਕਿ ਹੁਣ ਉੱਥੇ ਸਥਿਤੀ ਬਦਤਰ ਹੋ ਚੁੱਕੀ ਹੈ, ਫਿਲਹਾਲ ਅਜੇ ਉਥੇ ਹੋਰ ਵੀ ਭਾਰਤੀ ਵਿਦਿਆਰਥੀ ਹਨ। ਪਿਛਲੇ ਵਰ੍ਹੇ ਸਤੰਬਰ ਮਹੀਨੇ ਵਿੱਚ ਯੂਕਰੇਨ ਦੇ ਲਵੀਵ ਸ਼ਹਿਰ ਵਿੱਚ ਗਈ ਸੁਨੰਦਾ ਵੀ ਅੱਜ ਵਾਪਸ ਪਰਤੀ ਹੈ। ਉਸ ਨੇ ਦੱਸਿਆ ਕਿ ਉਹ ਇੱਕ ਮਾਰਚ ਨੂੰ ਉੱਥੋਂ ਨਿਕਲ ਆਈ ਸੀ। ਉਸ ਨੂੰ ਕੋਈ ਵਿਸ਼ੇਸ਼ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਿਆ। ਇਸੇ ਤਰ੍ਹਾਂ ਲਵੀਵ ਤੋਂ ਵਿਦਿਆਰਥਣ ਗੁਰਲੀਨ ਵੀ ਪਰਤੀ ਹੈ। ਇਹ ਦੋਵੇਂ ਵਿਦਿਆਰਥਣਾਂ ਮੁਕੇਰੀਆਂ ਤੋਂ ਹਨ। ਤਰਨਤਾਰਨ ਦੇ ਸਾਜਨਦੀਪ ਸਿੰਘ ਕਾਹਲੋਂ ਅਤੇ ਜਲੰਧਰ ਤੋਂ ਮਿਲਾਪ ਸਿੰਘ ਵੀ ਵਾਪਸ ਪਰਤੇ ਹਨ। ਇਹ ਦੋਵੇਂ ਵੀ ਖ਼ਾਰਕੀਵ ਦੀ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਦੇ ਵਿਦਿਆਰਥੀ ਹਨ।
ਇਸ ਤੋਂ ਪਹਿਲਾਂ ਪੋਲੈਂਡ ਦੀ ਹੱਦ ’ਤੇ ਆਪਣੇ ਜ਼ੋਖਮ ਭਰੇ ਸਫ਼ਰ ਦਾ ਜ਼ਿਕਰ ਕਰਦਿਆਂ ਜਲੰਧਰ ਦੇ ਮਿਲਾਪ ਸਿੰਘ ਨੇ ਦੱਸਿਆ ਕਿ ਜਦੋਂ ਤੋਂ ਖਾਰਕੀਵ ’ਤੇ ਰੂਸ ਨੇ ਹਮਲੇ ਸ਼ੁਰੂ ਕੀਤੇ ਸਨ, ਉਦੋਂ ਤੋਂ ਉਹ ਬੰਕਰ ’ਚ ਹੀ ਵੜੇ ਹੋਏ ਸਨ। ਉਨ੍ਹਾਂ ਕੋਲ ਖਾਣ-ਪੀਣ ਵਾਲਾ ਸਾਮਾਨ ਮੁੱਕ ਰਿਹਾ ਸੀ। ਉਸ ਨੇ ਦੱਸਿਆ ਕਿ ਉਨ੍ਹਾਂ ਨੇ ਮਦਦ ਵਾਸਤੇ ਕਈ ਵਾਰ ਭਾਰਤੀ ਦੂਤਾਵਾਸ ਨਾਲ ਸੰਪਰਕ ਕੀਤਾ ਪਰ ਉਨ੍ਹਾਂ ਦੀ ਕਿਸੇ ਨੇ ਕੋਈ ਮਦਦ ਨਹੀਂ ਕੀਤੀ। ਮਿਲਾਪ ਸਿੰਘ ਨੇ ਦੱਸਿਆ ਕਿ ਮੰਗਲਵਾਰ ਨੂੰ ਇਹ ਫ਼ੈਸਲਾ ਕੀਤਾ ਗਿਆ ਕਿ ਇਸ ਤੋਂ ਪਹਿਲਾਂ ਕਿ ਉਨ੍ਹਾਂ ਦੇ ਬੰਕਰ ’ਤੇ ਮਿਜ਼ਾਈਲ ਜਾਂ ਬੰਬ ਆ ਕੇ ਡਿੱਗੇ, ਇਥੋਂ ਨਿਕਲ ਜਾਣ। ਉਸ ਨੇ ਦੱਸਿਆ ਕਿ ਖਾਰਕੀਵ ਦੇ ਰੇਲਵੇ ਸਟੇਸ਼ਨ ਤੱਕ ਪਹੁੰਚਣ ਲਈ ਉਨ੍ਹਾਂ ਨੂੰ ਘੱਟੋ-ਘੱਟ 10 ਕਿਲੋਮੀਟਰ ਪੈਦਲ ਜਾਣਾ ਪਿਆ। ਖਾਰਕੀਵ ਰੇਲਵੇ ਸਟੇਸ਼ਨ ’ਤੇ ਪਹੁੰਚ ਕੇ ਉਨ੍ਹਾਂ ਨੇ ਆਪਣਾ ਸੀਮਤ ਖਾਣਾ ਵੰਡ ਕੇ ਛਕਿਆ। ਸਭ ਤੋਂ ਵੱਡੀ ਸਮੱਸਿਆ ਉਥੇ ਪੀਣ ਵਾਲੇ ਪਾਣੀ ਦੀ ਆ ਰਹੀ ਸੀ। ਮਿਲਾਪ ਸਿੰਘ ਨੇ ਦੱਸਿਆ ਕਿ ਖਾਰਕੀਵ ਤੋਂ ਉਨ੍ਹਾਂ ਨੇ ਲਵੀਵ ਦੀ ਰੇਲ ਗੱਡੀ ਫੜੀ। ਰੇਲ ਗੱਡੀ ’ਤੇ ਚੜ੍ਹਨ ਲਈ ਉਨ੍ਹਾਂ ਨੂੰ ਕਾਫੀ ਜੱਦੋਜਹਿਦ ਕਰਨੀ ਪਈ ਤੇ ਸੱਤ ਤੋਂ ਅੱਠ ਘੰਟਿਆਂ ਦਾ ਸਮਾਂ ਰੇਲਵੇ ਸਟੇਸ਼ਨ ’ਤੇ ਲੱਗ ਗਿਆ।
ਮਿਲਾਪ ਸਿੰਘ ਦੇ ਪਿਤਾ ਰਣਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੋਈ ਕਿ ਉਨ੍ਹਾਂ ਦੇ ਪੁੱਤਰ ਅਤੇ ਉਸ ਦੇ ਹੋਰ ਸਾਥੀ ਵਿਦਿਆਰਥੀ ਵਾਪਸ ਪਹੁੰਚ ਗਏ ਹਨ। ਮਿਲਾਪ ਸਿੰਘ ਨੇ ਦੱਸਿਆ ਕਿ ਪੋਲੈਂਡ ਦੀ ਉਥੇ ਸਰਹੱਦ ’ਤੇ ਵਧੀਆ ਪ੍ਰਬੰਧ ਸੀ, ਜਿਥੇ ਲੋਕ ਉਨ੍ਹਾਂ ਨੂੰ ਖਾਣ-ਪੀਣ ਦੀਆਂ ਵਸਤਾਂ ਦੇ ਰਹੇ ਸਨ।