ਸੰਤੋਖ ਗਿੱਲ
ਗੁਰੂਸਰ ਸੁਧਾਰ, 18 ਜੁਲਾਈ
ਸਕੂਲੀ ਵਿਦਿਆਰਥੀਆਂ ਦੀ ਇਕ ਟੋਲੀ ਨੇ ਜਦੋਂ ਉੱਚੀ ਹੇਕ ਵਿੱਚ ‘ਆ ਜਾ ਦਿੱਲੀ ਵਾਲੀ ਜੂਹ ’ਤੇ, ਉੱਥੇ ਗੱਲਾਂ ਕਰਾਂਗੇ ਮੂੰਹ ’ਤੇ’ ਬੋਲਾਂ ਨਾਲ ਕਿਲ੍ਹਾ ਰਾਏਪੁਰ ਵਿੱਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਪ੍ਰਧਾਨ ਮੰਤਰੀ ਮੋਦੀ ਦੀ ਹਕੂਮਤ ਨੂੰ ਲਲਕਾਰਿਆ ਤਾਂ ਰਾਹਗੀਰਾਂ ਦੇ ਪੈਰ ਆਪਮੁਹਾਰੇ ਹੀ ਰੁਕ ਗਏ। ਅੱਜ ਇੱਥੇ ਜਾਰੀ ਪੱਕੇ ਕਿਸਾਨੀ ਮੋਰਚੇ ’ਤੇ ਗਗਨਦੀਪ ਕੌਰ, ਕੀਰਤ ਕੌਰ ਅਤੇ ਗੁਰਨੂਰ ਕੌਰ ਦੀ ਅਗਵਾਈ ਹੇਠ ਇਲਾਕੇ ਦੇ ਸਕੂਲੀ ਵਿਦਿਆਰਥੀਆਂ ਨੇ ਦੇਸ਼ ਦੇ ਵੱਡੇ ਪੂੰਜੀਪਤੀ ਘਰਾਣੇ ਦੀ ਖ਼ੁਸ਼ਕ ਬੰਦਰਗਾਹ ਨੂੰ ਮਨੁੱਖੀ ਲੜੀ ਬਣਾ ਕੇ ਘੇਰਾ ਪਾਇਆ ਅਤੇ ਨਾਅਰੇਬਾਜ਼ੀ ਕਰਦਿਆਂ ਆਪਣੇ ਖੇਤਾਂ ਲਈ ਖ਼ਤਰਾ ਬਣੇ ਵਿਵਾਦਿਤ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਲੰਬੀ ਲੜਾਈ ਦਾ ਸੁਨੇਹਾ ਦਿੱਤਾ। ਚੰਡੀਗੜ੍ਹ ਪੁਲੀਸ ਵੱਲੋਂ ਇਕ ਸਕੂਲੀ ਵਿਦਿਆਰਥੀ ਨੂੰ ਗ੍ਰਿਫ਼ਤਾਰ ਕਰਨ ਖ਼ਿਲਾਫ਼ ਬੱਚਿਆਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਕਿਸਾਨ ਮਜ਼ਦੂਰ ਜਥੇਬੰਦੀਆਂ ਸਮੇਤ ਹੋਰ ਜਨਤਕ ਜਥੇਬੰਦੀਆਂ ਦੇ ਆਗੂਆਂ ਨੂੰ ਸਕੂਲੀ ਵਿਦਿਆਰਥੀਆਂ ਨੇ ਸਟੇਜ ’ਤੇ ਚੜ੍ਹਨ ਦਾ ਮੌਕਾ ਹੀ ਨਹੀਂ ਦਿੱਤਾ ਅਤੇ ਚਾਹ-ਪਾਣੀ ਤੋਂ ਇਲਾਵਾ ਬਰੈੱਡ ਪਕੌੜੇ, ਮਿੱਠੇ ਚੌਲਾਂ ਦੇ ਲੰਗਰ ਵੀ ਖ਼ੁਦ ਹੀ ਵਰਤਾਏ। ਸਟੇਜ ਸੰਚਾਲਨ ਕਰਨ ਵਾਲੀ ਬੱਚੀ ਸੁਰੀਤ ਕੌਰ ਦੀ ਪੇਸ਼ਕਾਰੀ ਨੇ ਉੱਥੇ ਮੌਜੂਦ ਸਿਰਕੱਢ ਕਿਸਾਨ ਆਗੂਆਂ ਨੂੰ ਵੀ ਸੋਚੀਂ ਪਾ ਦਿੱਤਾ। ਵਿਦਿਆਰਥੀ ਖ਼ੁਸ਼ਪ੍ਰੀਤ ਕੌਰ, ਹਰਵੀਰ ਕੌਰ, ਜਸਲੀਨ ਕੌਰ, ਜਸਮੀਨ ਕੌਰ, ਗੁਰਨੂਰ ਸਿੰਘ, ਜੀਵਨਜੋਤ, ਅਰਸ਼ਪ੍ਰੀਤ ਸਿੰਘ, ਹਰਸਿਮਰਤ ਕੌਰ ਢਿੱਲੋਂ, ਹਰਪ੍ਰੀਤ ਕੌਰ, ਮਹਿਮਾ ਸ਼ਰਮਾ, ਰਵਨੀਤ ਕੌਰ, ਸੌਰਭ, ਗੌਰਵ, ਜਪਵੀਰ ਸਿੰਘ ਗਰੇਵਾਲ, ਸਿਮਰਨਜੋਤ, ਮਨਦੀਪ ਕੌਰ, ਜਪਨੂਰ, ਅਵਿਨੂਰ, ਯੁਗੇਤਰ ਅਤੇ ਮਨਕੀਰਤ ਦੀਆਂ ਟੋਲੀਆਂ ਨੇ ਗੀਤ, ਕਵਿਤਾਵਾਂ, ਸਕਿੱਟਾਂ, ਬੋਲੀਆਂ, ਗਿੱਧਾ ਅਤੇ ਭੰਗੜਾ ਪਾ ਕੇ ਪੂੰਜੀਪਤੀ ਘਰਾਣਿਆਂ ਅਤੇ ਮੋਦੀ ਸਰਕਾਰ ਨੂੰ ਰੱਜ ਕੇ ਲਾਹਨਤਾਂ ਪਾਈਆਂ। ਬੱਚਿਆਂ ਨੇ ਭਾਸ਼ਣ ਰਾਹੀਂ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਮਾਨਸੂਨ ਸੈਸ਼ਨ ਦੌਰਾਨ ਕਿਸਾਨਾਂ ਦੀ ਆਵਾਜ਼ ਬਣ ਕੇ ਸਰਕਾਰ ਨੂੰ ਘੇਰਨ ਦਾ ਸੱਦਾ ਦਿੱਤਾ। ਉਨ੍ਹਾਂ ਬਰੈੱਡ ਪਕੌੜਿਆਂ ਦੀ ਸੇਵਾ ਲਈ ਕਿਲ੍ਹਾ ਰਾਏਪੁਰ ਵਾਲੇ ਰਵੀ, ਮਿੱਠੇ ਚੌਲਾਂ ਲਈ ਪਿੰਡ ਜੜਤੌਲੀ ਵਾਸੀਆਂ ਅਤੇ ਕੇਲਿਆਂ ਦੀ ਸੇਵਾ ਲਈ ਗੁਰਪ੍ਰੀਤ ਸਿੰਘ ਧੂਰੀ ਦਾ ਵਿਸ਼ੇਸ਼ ਧੰਨਵਾਦ ਕੀਤਾ।
ਹੱਕਾਂ ਦੀ ਰਾਖੀ ਲਈ ਉਮਰਾਂ ਨਿੱਕੀਆਂ ਪਰ ਹੌਸਲੇ ਵੱਡੇ
ਚੰਡੀਗੜ੍ਹ: ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਦਾ ਅਣਖੀ ਰੰਗ ਪੰਜਾਬ ਅਤੇ ਹਰਿਆਣਾ ਦੇ ਬੱਚਿਆਂ ਵਿੱਚ ਵੀ ਦਿਸਣ ਲੱਗਾ ਹੈ, ਜੋ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰ ਰਹੇ ਹਨ। ਛੋਟੀ ਉਮਰੇ ਹੀ ਇਹ ਬੱਚੇ ਆਖਰੀ ਸਾਹ ਤੱਕ ਲੜਾਈ ਲੜਨ ਦਾ ਹੋਕਾ ਦੇ ਰਹੇ ਹਨ। ਪੰਜਾਬ ਅਤੇ ਹਰਿਆਣਾ ਵਿੱਚ ਚੱਲ ਰਹੇ ਕਿਸਾਨ ਧਰਨਿਆਂ ਵਿੱਚ ਬੱਚੇ ਮਾਪਿਆਂ ਨਾਲ ਪਿਛਲੇ ਲੰਬੇ ਸਮੇਂ ਤੋਂ ਸ਼ਮੂਲੀਅਤ ਕਰ ਰਹੇ ਹਨ। ਦੋਵਾਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਬੀਤੇ ਦਿਨ ਭਾਜਪਾ ਆਗੂਆਂ ਦੇ ਵਿਰੋਧ ਦੌਰਾਨ 12 ਸਾਲਾ ਅਵਿਜੋਤ ਸਿੰਘ ਨੇ ਸਭ ਦਾ ਦਿੱਲ ਜਿੱਤ ਲਿਆ, ਜਿਸ ਨੂੰ ਪੁਲੀਸ ਨੇ ਸੈਕਟਰ-48 ਵਿੱਚ ਪੁਲੀਸ ਗੱਡੀ ਵਿੱਚ ਬਿਠਾ ਲਿਆ ਸੀ। ਭਾਵੇਂ ਪੁਲੀਸ ਨੇ ਅਵਿਜੋਤ ਨੂੰ ਸੈਕਟਰ-31 ਦੇ ਥਾਣੇ ਅੱਗੇ ਉਤਾਰ ਦਿੱਤਾ ਪਰ ਪੁਲੀਸ ਦੀ ਬੱਸ ਵਿੱਚ ਬੈਠ ਕੇ ਮੀਡੀਆ ਨਾਲ ਕੀਤੀ ਗੱਲਬਾਤ ਦੌਰਾਨ ਸਭ ਦੀਆਂ ਨਜ਼ਰਾਂ ਅਵਿਜੋਤ ’ਤੇ ਟਿਕ ਗਈਆਂ। ਅਵਿਜੋਤ ਦਾ ਕਹਿਣਾ ਸੀ ਕਿ ‘ਕੇਂਦਰ ਸਰਕਾਰ ਤਿੰਨੇ ਖੇਤੀ ਕਾਨੂੰਨਾਂ ਰਾਹੀਂ ਕਿਸਾਨੀ ਨੂੰ ਤਬਾਹ ਕਰਨ ਲੱਗੀ ਹੋਈ ਹੈ, ਜਿਸ ਦਾ ਅਸਰ ਹਰ ਵਰਗ ਦੇ ਲੋਕਾਂ ’ਤੇ ਪਵੇਗਾ।’ ਉਸ ਨੇ ਕਿਹਾ ‘ਅੰਦੋਲਨ ਦੌਰਾਨ ਜੇਕਰ ਉਸ ਦੀ ਮੌਤ ਵੀ ਹੋ ਜਾਂਦੀ ਹੈ ਤਾਂ ਉਸ ਦੀ ਲਾਸ਼ ਨੂੰ ਸਿੰਘੂ ਬਾਰਡਰ ’ਤੇ ਲਿਜਾਇਆ ਜਾਵੇ।’ ਦੱਸਣਯੋਗ ਹੈ ਕਿ ਅਵਿਜੋਤ ਸਿੰਘ ਕਿਸਾਨੀ ਅੰਦੋਲਨ ਦੀ ਸ਼ੁਰੂਆਤ ਤੋਂ ਹੀ ਚੰਡੀਗੜ੍ਹ ਅਤੇ ਮੁਹਾਲੀ ਦੇ ਵੱਖ-ਵੱਖ ਚੌਕਾਂ ਵਿੱਚ ਲੱਗ ਰਹੇ ਧਰਨਿਆਂ ਵਿੱਚ ਹਿੱਸਾ ਲੈ ਰਿਹਾ ਹੈ ਅਤੇ ਉਸ ਦੇ ਪਿਤਾ ਮੁਹਾਲੀ ਵਿੱਚ ਕੱਪੜਿਆਂ ਦੀ ਦੁਕਾਨ ਕਰਦੇ ਹਨ। ਇਸੇ ਤਰ੍ਹਾਂ ਪੰਜਾਬ ਦੇ ਪਟਿਆਲਾ, ਸੰਗਰੂਰ, ਬਰਨਾਲਾ, ਬਠਿੰਡਾ ਵੱਲੇ ਪਾਸੇ ਚੱਲ ਰਹੇ ਕਿਸਾਨ ਧਰਨਿਆਂ ਵਿੱਚ ਮਾਪਿਆਂ ਨਾਲ ਛੋਟੀ ਉਮਰ ਦੇ ਬੱਚੇ ਹਿੱਸਾ ਲੈ ਰਹੇ ਹਨ। ਹਰਿਆਣਾ ਦੇ ਹਿਸਾਰ ਇਲਾਕੇ ਵਿੱਚ 4 ਸਾਲਾ ਬੱਚੀ ਸਿਆ ਸਿਆਜ਼ ਵੀ ਕਿਸਾਨੀ ਅੰਦੋਲਨ ਦੀ ਸਟੇਜਾਂ ਤੋਂ ਕੇਂਦਰ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕਰ ਰਹੀ ਹੈ। -ਟ੍ਰਿਬਿਊਨ ਨਿਊਜ਼ ਸਰਵਿਸ