ਪੱਤਰ ਪ੍ਰੇਰਕ/ਪੀਟੀਆਈ
ਨਵੀਂ ਦਿੱਲੀ, 21 ਦਸੰਬਰ
ਹਿਮਾਲਿਆ ਦੇ ਉਪਰਲੇ ਹਿੱਸੇ ਨੂੰ ਪ੍ਰਭਾਵਿਤ ਕਰਨ ਵਾਲੀ ਪੱਛਮੀ ਗੜਬੜੀ ਕਾਰਨ ਕੌਮੀ ਰਾਜਧਾਨੀ ਵਿੱਚ ਸੋਮਵਾਰ ਨੂੰ ਘੱਟੋ-ਘੱਟ ਤਾਪਮਾਨ 5.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉਤਰੀ ਭਾਰਤ ਵਿੱਚ ਇਸ ਕੜਾਕੇ ਦੀ ਠੰਢ ਦੇ ਬਾਵਜੂਦ ਕੌਮੀ ਰਾਜਧਾਨੀ ਦੇ ਬਾਰਡਰਾਂ ’ਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਮੰਗ ਕਰਦਾ ਕਿਸਾਨ ਅੰਦੋਲਨ ਨਿਰਵਿਘਨ ਜਾਰੀ ਹੈ। ਅੰਦੋਲਨਕਾਰੀ ਕਿਸਾਨ ਇਸ ਠੰਢ ਦੇ ਮੌਸਮ ਵਿੱਚ ਭਾਵੇਂ ਮੁੱਢਲੀਆਂ ਸਹੂਲਤਾਂ ਤੋਂ ਸੱਖਣੇ ਹਨ ਪ੍ਰੰਤੂ ਉਨ੍ਹਾਂ ਦਾ ਆਪਣੇ ਹੱਕਾਂ ਦੀ ਲੜਾਈ ਪ੍ਰਤੀ ਜੋਸ਼ ਅਤੇ ਸੰਘਰਸ਼ੀ ਰੁਖ਼ ਨਿੱਤ ਤੇਜ਼ ਹੋ ਰਿਹਾ ਹੈ। ਮੌਸਮ ਬਾਰੇ ਏਜੰਸੀ ‘ਸਕਾਈਮੈੱਟ’ ਦੇ ਮਾਹਿਰ ਮਹੇਸ਼ ਪਲਾਵਤ ਨੇ ਦੱਸਿਆ, ‘‘ਪੱਛਮੀ ਗੜਬੜੀ ਤੇਜ਼ੀ ਨਾਲ ਵੱਧ ਰਹੀ ਹੈ ਤੇ ਇਹ ਮੰਗਲਵਾਰ ਨੂੰ ਖ਼ਤਮ ਹੋ ਜਾਵੇਗੀ। ਇਸ ਤੋਂ ਬਾਅਦ ਤਾਪਮਾਨ ਮੁੜ ਘਟ ਸਕਦਾ ਹੈ।” ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਸਫਦਰਜੰਗ ਆਬਜ਼ਰਵੇਟਰੀ ਨੇ ਸੋਮਵਾਰ ਸਵੇਰੇ ਘੱਟੋ ਘੱਟ ਤਾਪਮਾਨ 5.5 ਡਿਗਰੀ ਸੈਲਸੀਅਸ ਦਰਜ ਕੀਤਾ। ਪਹਿਲਾਂ ਐਤਵਾਰ ਨੂੰ ਦਿੱਲੀ ਵਿਚ ਇਸ ਮੌਸਮ ਦਾ ਸਭ ਤੋਂ ਘੱਟ ਤਾਪਮਾਨ 3.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। 23 ਤੋਂ 26 ਦਸੰਬਰ ਦੌਰਾਨ ਸੀਤ ਲਹਿਰ ਚੱਲਣ ਦੀ ਉਮੀਦ ਹੈ। ਵਿਭਾਗ ਨੇ ਇਸ ਸਮੇਂ ਦੌਰਾਨ ਹਲਕੇ ਤੋਂ ਦਰਮਿਆਨੀ ਧੁੰਦ ਦੀ ਭਵਿੱਖਬਾਣੀ ਵੀ ਕੀਤੀ ਹੈ। ਦਿੱਲੀ ਦਾ ਹਵਾ ਗੁਣਵੱਤਾ ਮਿਆਰ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਹੈ।
ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਵਿੱਚ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਢ ਦਾ ਜ਼ੋਰ ਜਾਰੀ ਹੈ। ਮੌਸਮ ਵਿਭਾਗ ਅਨੁਸਾਰ ਅੱਜ ਆਦਮਪੁਰ ਵਿੱਚ ਘੱਟੋ-ਘੱਟ ਤਾਪਮਾਨ 3.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਫ਼ਰੀਦਕੋਟ, ਅੰਮ੍ਰਿਤਸਰ, ਬਠਿੰਡਾ, ਲੁਧਿਆਣਾ, ਪਟਿਆਲਾ ਅਤੇ ਗੁਰਦਾਸਪੁਰ ਵਿੱਚ ਘੱਟੋ ਘੱਟ ਤਾਪਮਾਨ ਕ੍ਰਮਵਾਰ 4 ਡਿਗਰੀ, 4.8 ਡਿਗਰੀ, 5.2 ਡਿਗਰੀ, 5.7 ਡਿਗਰੀ, 6 ਡਿਗਰੀ ਅਤੇ 6.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਰਿਆਣਾ ਦੇ ਅੰਬਾਲਾ ਵਿੱਚ ਘੱਟੋ-ਘੱਟ ਤਾਪਮਾਨ 3.3 ਡਿਗਰੀ ਜਦਕਿ ਹਿਸਾਰ ਵਿੱਚ 5.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਮੰਗਲਵਾਰ ਤੋਂ ਪੰਜਾਬ ਅਤੇ ਹਰਿਆਣਾ ਵਿੱਚ ਠੰਢ ਕੁਝ ਘਟ ਸਕਦੀ ਹੈ।
ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ 24 ਘੰਟਿਆਂ ਦੌਰਾਟ ਘੱਟੋ-ਘੱਟ ਤਾਪਮਾਨ ਦੋ ਤੋਂ ਤਿੰਨ ਡਿਗਰੀ ਵਧਣ ਕਰਕੇ ਕੜਾਕੇ ਦੀ ਠੰਢ ਤੋਂ ਕੁਝ ਰਾਹਤ ਮਿਲੀ ਹੈ। ਮੌਸਮ ਵਿਭਾਗ ਅਨੁਸਾਰ ਸੂਬੇ ਵਿਚ ਕੇਲੌਂਗ ਮਨਫ਼ੀ 7.4 ਡਿਗਰੀ ਤਾਪਮਾਨ ਨਾਲ ਸਭ ਤੋਂ ਠੰਢਾ ਰਿਹਾ। ਕਿਨੌਰ ਦੇ ਕਲਪਾ ਦਾ ਘੱਟੋ-ਘੱਟ ਤਾਪਮਾਨ 0.8 ਡਿਗਰੀ ਜਦਕਿ ਮਨਾਲੀ, ਕੁਫ਼ਰੀ, ਡਲਹੌਜੀ ਅਤੇ ਸ਼ਿਮਲਾ ਦਾ ਕ੍ਰਮਵਾਰ 2.4 ਡਿਗਰੀ, 7.2 ਡਿਗਰੀ, 7.7 ਡਿਗਰੀ ਅਤੇ 8.1 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਸੂਬੇ ਵਿੱਚ 27 ਦਸੰਬਰ ਤੱਕ ਮੌਸਮ ਖ਼ੁਸ਼ਕ ਰਹੇਗਾ।
ਸ੍ਰੀਨਗਰ: ਕਸ਼ਮੀਰ ਵਿੱਚ 40 ਦਿਨਾਂ ਦਾ ਸਭ ਤੋਂ ਸਖ਼ਤ ਠੰਢ ਦਾ ਸਮਾਂ, ਜਿਸ ਨੂੰ ‘ਚਿਲਾਈ-ਕਲਾਂ’ ਕਿਹਾ ਜਾਂਦਾ ਹੈ, ਅੱਜ ਖ਼ੁਸ਼ਕ ਮੌਸਮ ਨਾਲ ਸ਼ੁਰੂ ਹੋਇਆ ਕਿਉਂਕਿ ਵਾਦੀ ਵਿੱਚ ਘੱਟੋ-ਘੱਟ ਤਾਪਮਾਨ ਵਿੱਚ ਵਾਧਾ ਹੋਇਆ ਹੈ। 21 ਦਸੰਬਰ ਤੋਂ ਸ਼ੁਰੂ ਹੋ ਕੇ 31 ਜਨਵਰੀ ਤੱਕ ਚੱਲਣ ਵਾਲੇ ਇਸ ਸਮੇਂ ਨੂੰ ਸਰਦ ਰੁੱਤ ਦਾ ਸਭ ਤੋਂ ਔਖਾ ਸਮਾਂ ਕਿਹਾ ਜਾਂਦਾ ਹੈ ਕਿਉਂਕਿ ਇਸ ਸਮੇਂ ਦੌਰਾਨ ਤਾਪਮਾਨ ਮਨਫ਼ੀ ਵਿੱਚ ਚਲਾ ਜਾਂਦਾ ਹੈ, ਭਾਰੀ ਬਰਫ਼ਬਾਰੀ ਹੁੰਦੀ ਹੈ ਅਤੇ ਪਾਣੀ ਦੇ ਸੋਮੇ ਜੰਮ ਜਾਂਦੇ ਹਨ। ਸ੍ਰੀਨਗਰ ਵਿੱਚ ਅੱਜ ਘੱਟੋ-ਘੱਟ ਤਾਪਮਾਨ ਮਨਫ਼ੀ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।