ਸਰਬਜੀਤ ਸਿੰਘ ਭੰਗੂ
ਪਟਿਆਲਾ, 24 ਅਗਸਤ
ਸਰਪੰਚ ਯੂਨੀਅਨ ਪੰਜਾਬ ਵੱਲੋਂ ਸੂਬਾਈ ਪ੍ਰਧਾਨ ਗੁਰਮੀਤ ਸਿੰਘ ਫ਼ਤਹਿਗੜ੍ਹ ਸਾਹਿਬ ਦੀ ਅਗਵਾਈ ਹੇਠ ਅੱਜ ਦੂਜੇ ਦਿਨ ਵੀ ਸੂਬਾ ਪੱਧਰੀ ਰੈਲੀ ਕੀਤੀ ਗਈ। ਇੱਥੇ ਪੁੱਡਾ ਗਰਾਊਂਡ ਵਿੱਚ ਹੋਈ ਇਸ ਰੈਲੀ ’ਚ ਕਈ ਜ਼ਿਲ੍ਹਿਆਂ ਦੇ ਸਰਪੰਚਾਂ ਨੇ ਤਕਰੀਰਾਂ ਦੌਰਾਨ ਕੈਪਟਨ ਸਰਕਾਰ ’ਤੇ ਸਰਪੰਚਾਂ ਦੀਆਂ ਮੰਗਾਂ ਅਤੇ ਮਸਲਿਆਂ ਦੀ ਅਣਦੇਖੀ ਕਰਨ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਸਰਪੰਚੀ ਲੋਕਤੰਤਰੀ ਪ੍ਰਕਿਰਿਆ ਦੀ ਪਹਿਲੀ ਪੌੜੀ ਹੈ, ਪਰ ਸਰਕਾਰ ’ਤੇ ਅਫ਼ਸਰਸ਼ਾਹੀ ਭਾਰੂ ਹੋਣ ਕਾਰਨ ਸਰਪੰਚਾਂ ਨੂੰ ਬਣਦਾ ਮਾਣ-ਸਨਮਾਨ ਨਹੀਂ ਮਿਲ ਰਿਹਾ।
ਇਸ ਮੌਕੇ ਸਰਪੰਚ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ, ਚਮਕੌਰ ਸਿੰਘ ਕਿਸ਼ਨਗੜ੍ਹ ਗੁੜਥਲੀ ਅਤੇ ਮੱਖਣ ਸਿੰਘ ਝੰਡੀ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਸਰਪੰਚਾਂ ਵੱਲੋਂ ਮਟਕਾ ਚੌਕ ’ਚ ਧਰਨੇ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।
ਇਸ ਮੌਕੇ ਸੂਬਾ ਮੀਤ ਪ੍ਰਧਾਨ ਰਵਿੰਦਰ ਰਿੰਕੂ, ਚਮਕੌਰ ਸਿੰਘ ਭੰਗੂ, ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਯਾਦਵਿੰਦਰ ਧਨੌਰੀ, ਮੱਖਣ ਝੰਡੀ, ਮਾਨਸਾ ਬਲਾਕ ਦੇ ਪ੍ਰਧਾਨ ਜਗਦੀਪ ਸਿੰਘ, ਸੁਨਾਮ ਦੇ ਪ੍ਰਧਾਨ ਸ਼ਿਵਦਰਸ਼ਨ ਸਿੰਘ, ਦੋਰਾਹਾ ਦੇ ਪ੍ਰਧਾਨ ਕਰਮ ਸਿੰਘ ਪੱਲਾ, ਮਮਦੋਟ ਦੇ ਪ੍ਰਧਾਨ ਹੰਸਾ ਮਮਦੋਟ, ਅਬੋਹਰ ਦੇ ਪ੍ਰਧਾਨ ਮਨੋਜ ਕੁਮਾਰ ਅਤੇ ਮੂਣਕ ਬਲਾਕ ਦੇ ਪ੍ਰਧਾਨ ਬੱਬੀ ਅਨਦਾਨਾ ਨੇ ਸਰਕਾਰ ਤੋਂ 20 ਹਜ਼ਾਰ ਰੁਪਏ ਮਾਣਭੱਤਾ ਦੇਣ, ਇੱਕ ਕਰੋੜ ਦਾ ਬੀਮਾ ਕਰਨ, ਨਸ਼ੀਲੇ ਪਦਾਰਥਾਂ ਦੀ ਰੋਕਥਾਮ ਦੀਆਂ ਸਰਗਰਮੀਆਂ ਦੌਰਾਨ ਕਿਸੇ ਸਰਪੰਚ ਦੀ ਜਾਨ ਚਲੇ ਜਾਣ ’ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਅਤੇ ਸਰਕਾਰੀ ਅਦਾਰਿਆਂ ’ਚ ਸਰਪੰਚਾਂ ਦਾ ਮਾਣ-ਸਨਮਾਨ ਯਕੀਨੀ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਢੁੱਕਵੀਆਂ ਗਰਾਂਟਾਂ ਜਾਰੀ ਨਾ ਹੋਣ ਕਾਰਨ ਬਹੁਤੇ ਪਿੰਡਾਂ ਦੀ ਹਾਲਤ ਅਜੇ ਵੀ ਤਰਸਯੋਗ ਹੈ।
ਕਲਮਛੋੜ ਹੜਤਾਲ ਦਾ ਐਲਾਨ
ਧਰਨੇ ਦੀ ਅਗਵਾਈ ਕਰਦਿਆਂ ਸੂਬਾਈ ਪ੍ਰਧਾਨ ਗੁਰਮੀਤ ਸਿੰਘ ਨੇ ਐਲਾਨ ਕੀਤਾ ਕਿ ਅਗਲੇ ਦਸ ਦਿਨ ਪੰਜਾਬ ਦੇ ਸਰਪੰਚ ਕਲਮਛੋੜ ਹੜਤਾਲ ’ਤੇ ਰਹਿਣਗੇ। ਇਸ ਦੌਰਾਨ ਬਤੌਰ ਸਰਪੰਚ ਉਹ ਕੋਈ ਵੀ ਕੰਮ ਨਹੀਂ ਕਰਨਗੇ ਤੇ ਨਾ ਹੀ ਉਹ ਕਿਸੇ ਸਰਕਾਰੀ ਸਮਾਗਮ ਦਾ ਹਿੱਸਾ ਬਣਨਗੇ।