ਸੁਰਜੀਤ ਮਜਾਰੀ
ਨਵਾਂ ਸ਼ਹਿਰ, 15 ਫ਼ਰਵਰੀ
ਬਹੁਜਨ ਸਮਾਜ ਪਾਰਟੀ ਦਾ ਪੰਜਾਬ ’ਚ ਛੋਟੀ ਉਮਰੇ ਵੱਡੀ ਧਿਰ ਬਣਨਾ, ਰਵਾਇਤੀ ਸਿਆਸਤ ਨੂੰ ਨਵਾਂ ਮੋੜ ਦੇਣਾ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਰੁਤਬਾ ਲੈਣਾ, ਇਸ ਦੇ ਮੋਢੀ ਆਗੂਆਂ ਦੀ ਸੂਬਾਈ ਪਛਾਣ ਤਾਂ ਬਣਾ ਗਿਆ ਪਰ ਉਨ੍ਹਾਂ ਨੂੰ ਇੱਕਸੁਰ ਨਹੀਂ ਰੱਖ ਸਕਿਆ। ਆਪਸੀ ਖਿੱਚੋਤਾਣ ਕਾਰਨ ਇਸਦੇ ਮੋਹਰੀ ਆਗੂਆਂ ਵਿੱਚੋਂ ਕਈ ਜਣੇ ਦੂਜੀਆਂ ਧਿਰਾਂ ਦਾ ਸ਼ਿੰਗਾਰ ਬਣ ਗਏ। ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਸਪਾ ਦੇ ਦੋ ਸਾਬਕਾ ਸੂਬਾ ਪ੍ਰਧਾਨ ਅਤੇ ਇੱਕ ਸਾਬਕਾ ਸੂਬਾ ਜਨਰਲ ਸਕੱਤਰ ਦੂਜੀਆਂ ਪਾਰਟੀਆਂ ਦੇ ਉਮੀਦਵਾਰ ਬਣੇ ਹਨ।
ਬਸਪਾ ਦੇ ਲੰਬਾ ਸਮਾਂ ਸੂਬਾ ਪ੍ਰਧਾਨ ਰਹੇ ਡਾ. ਮੋਹਣ ਸਿੰਘ ਫ਼ਲੀਆਂਵਾਲਾ ਹਲਕਾ ਜਲਾਲਾਬਾਦ ਤੋਂ ਕਾਂਗਰਸ ਵੱਲੋਂ ਉਮੀਦਵਾਰ ਹਨ। ਉਹ ਬਸਪਾ ਦੀ ਟਿਕਟ ਤੋਂ ਫਿਰੋਜ਼ਪੁਰ ਹਲਕੇ ਤੋਂ ਦੋ ਵਾਰ ਸੰਸਦ ਵੀ ਰਹਿ ਚੁੱਕੇ ਹਨ। ਬਸਪਾ ਦੇ ਇੱਕ ਹੋਰ ਸਾਬਕਾ ਸੂਬਾ ਪ੍ਰਧਾਨ ਰਛਪਾਲ ਰਾਜੂ ਵੀ ਪਾਰਟੀ ਤੋਂ ਅੱਡ ਹੋ ਕੇ ਹਲਕਾ ਚੱਬੇਵਾਲ ਤੋਂ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਉਹ ਪਹਿਲਾਂ ਹਲਕਾ ਗੜ੍ਹਸ਼ੰਕਰ ਤੋਂ ਬਸਪਾ ਦੀ ਟਿਕਟ ਤੋਂ ਉਮੀਦਵਾਰ ਰਹਿ ਚੁੱਕੇ ਹਨ। ਬਸਪਾ ਦੇ ਸਾਬਕਾ ਸੂਬਾਈ ਜਨਰਲ ਸਕੱਤਰ ਅਤੇ ਹਲਕਾ ਫ਼ਿਲੌਰ ਤੋਂ ਬਸਪਾ ਵਲੋਂ ਲੋਕ ਸਭਾ ਦੇ ਉਮੀਦਵਾਰ ਰਹੇ ਪਵਨ ਕੁਮਾਰ ਟੀਨੂੰ ਹਲਕਾ ਆਦਮਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਦੂਜੀ ਵਾਰ ਚੋਣ ਲੜ ਰਹੇ ਹਨ। ਉੱਥੇ ਉਨ੍ਹਾਂ ਦਾ ਮੁਕਾਬਲਾ ਵੀ ਬਸਪਾ ਦੇ ਹੀ ਸਾਬਕਾ ਆਗੂ ਸੁਖਵਿੰਦਰ ਸਿੰਘ ਕੋਟਲੀ ਨਾਲ ਹੈ, ਜੋ ਕਿ ਬਸਪਾ ਨਾਲੋਂ ਨਾਤਾ ਤੋੜ ਕੇ ਕਾਂਗਰਸ ’ਚ ਗਏ ਹੋਏ ਹਨ।
ਇਸ ਦੇ ਨਾਲ ਬਸਪਾ ਰਾਹੀਂ ਸਿਆਸੀ ਸਫ਼ਾਂ ’ਚ ਆਉਣ ਵਾਲੇ ਮਰਹੂਮ ਹਰਭਜਨ ਲਾਖਾ ਅਤੇ ਸਤਨਾਮ ਕੈਂਥ, ਦੇਵੀ ਦਾਸ ਨਾਹਰ ਨੇ ਵੀ ਪਾਰਟੀ ਤੋਂ ਵੱਖ ਹੋ ਕੇ ਆਪਣੀਆਂ ਧਿਰਾਂ ਕਾਇਮ ਕਰ ਲਈਆਂ ਸਨ। ਬਸਪਾ ਦੀ ਟਿਕਟ ਤੋਂ ਹਰਭਜਨ ਲਾਖਾ ਹਲਕਾ ਫ਼ਿਲੌਰ ਤੋਂ ਸੰਸਦ ਅਤੇ ਸਤਨਾਮ ਸਿੰਘ ਕੈਂਥ ਹਲਕਾ ਬੰਗਾ ਤੋਂ ਵਿਧਾਇਕ ਬਣੇ ਸਨ। ਸਤਨਾਮ ਸਿੰਘ ਕੈਂਥ ਨੇ ਬਾਅਦ ’ਚ ਬਹੁਜਨ ਸਮਾਜ ਮੋਰਚਾ ਖੜ੍ਹਾ ਕਰ ਲਿਆ ਸੀ ਅਤੇ ਦੇਵੀ ਦਾਸ ਨਾਹਰ ਨੇ ਬਹੁਜਨ ਸਮਾਜ ਪਾਰਟੀ (ਅੰਬੇਡਕਰ) ਬਣਾ ਲਈ ਸੀ। ਇਸੇ ਤਰ੍ਹਾਂ ਬਸਪਾ ਤੋਂ ਵੱਖ ਹੋ ਕੇ ਦੂਜੀਆਂ ਧਿਰਾਂ ਦਾ ਚਿਰਾਗ ਬਣਨ ਵਾਲਿਆਂ ਵਿੱਚ ਡਾ. ਰਾਮ ਲਾਲ ਜੱਸੀ, ਦਰਸ਼ਨ ਸਿੰਘ ਜੇਠੂਮਜਾਰਾ, ਐੱਮਪੀ ਸਿੰਘ ਗੁਰਾਇਆਂ ਆਦਿ ਪ੍ਰਮੁੱਖ ਤੌਰ ’ਤੇ ਸ਼ੁਮਾਰ ਹਨ।