ਗੁਰਦੀਪ ਸਿੰਘ ਲਾਲੀ
ਸੰਗਰੂਰ, 28 ਜੂਨ
ਪਿਛਲੇ ਢਾਈ ਦਹਾਕਿਆਂ ਤੋਂ ਸਮੇਂ-ਸਮੇਂ ਦੀਆਂ ਸਰਕਾਰਾਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਰਾਜ ਦੇਣ ਦੇ ਵਾਅਦੇ ਕਰਦੀਆਂ ਰਹੀਆਂ ਪਰ ਕਿਸੇ ਵੀ ਪਾਰਟੀ ਦੀ ਸਰਕਾਰ ਨੇ ਸ਼ੇਰ-ਏ-ਪੰਜਾਬ ਦੇ ਜਨਮ ਸਥਾਨ ਅਤੇ ਨਾਨਕੇ ਪਿੰਡ ਬਡਰੁੱਖਾਂ ਵਿੱਚ ਇਸ ਮਹਾਨ ਜਰਨੈਲ ਦਾ ਬੁੱਤ ਸਥਾਪਤ ਕਰਨ ਦੀ ਮੰਗ ਨੂੰ ਗੰਭੀਰਤਾ ਨਾਲ ਨਹੀਂ ਲਿਆ।
ਜਾਣਕਾਰੀ ਅਨੁਸਾਰ ਪਿੰੰਡ ਬਡਰੁੱਖਾਂ ਵਿੱਚ ਕਰੀਬ ਢਾਈ ਦਹਾਕੇ ਪਹਿਲਾਂ ਸ਼ੇਰ-ਏ-ਪੰਜਾਬ ਦੇ ਜਨਮ ਦਿਹਾੜੇ ਮੌਕੇ ਸੂਬਾਈ ਸਮਾਗਮ ਦੌਰਾਨ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਸੀ ਕਿ ਪਿੰਡ ਵਿੱਚ ਸ਼ੇਰ-ਏ-ਪੰਜਾਬ ਯਾਦਗਾਰੀ ਪਾਰਕ ਸਥਾਪਤ ਕਰਕੇ ਘੋੜੇ ’ਤੇ ਸਵਾਰ ਮਹਾਰਾਜਾ ਰਣਜੀਤ ਸਿੰਘ ਦਾ ਕਾਂਸੀ ਦਾ ਬੁੱਤ ਲਗਾਇਆ ਜਾਵੇਗਾ। ਇਹ ਵਾਅਦਾ ਕਰੀਬ 19 ਵਰ੍ਹਿਆਂ ਮਗਰੋਂ 2016 ਵਿੱਚ ਉਸ ਵੇਲੇ ਪੂਰਾ ਹੁੰਦਾ ਜਾਪਿਆ, ਜਦੋਂ ਸਰਕਾਰ ਨੇ ਪਾਰਕ ਵਿੱਚ ਸਥਾਪਤ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਭੇਜ ਦਿੱਤਾ ਪਰ ਵਾਅਦੇ ਅਨੁਸਾਰ ਇਹ ਬੁੱਤ ਨਾ ਤਾਂ ਘੋੜੇ ਦੀ ਸਵਾਰੀ ਵਾਲਾ ਸੀ ਅਤੇ ਨਾ ਹੀ ਕਾਂਸੀ ਦਾ ਬਣਿਆ ਸੀ। ਸਭ ਤੋਂ ਅਹਿਮ ਗੱਲ ਕਿ ਇਸ ਬੁੱਤ ਵਿੱਚ ਮਹਾਰਾਜਾ ਰਣਜੀਤ ਸਿੰਘ ਦੀਆਂ ਦੋਵੇਂ ਅੱਖਾਂ ਸਹੀ ਸਲਾਮਤ ਦਿਖਾਈਆਂ ਗਈਆਂ ਸਨ, ਜਿਸ ਕਾਰਨ ਪਿੰਡ ਦੀ ਪੰਚਾਇਤ ਨੇ ਇਹ ਬੁੱਤ ਸਥਾਪਤ ਨਾ ਕਰਨ ਦਾ ਫ਼ੈਸਲਾ ਲਿਆ। ਸਰਕਾਰੀ ਲਾਪ੍ਰਵਾਹੀ ਦਾ ਸ਼ਿਕਾਰ ਹੋ ਕੇ ਇਹ ਬੁੱਤ ਕਰੀਬ ਛੇ ਸਾਲ ਤੋਂ ਸਾਬਕਾ ਸਰਪੰਚ ਦੇ ਘਰ ਹੀ ਧੂੜ ਫੱਕ ਰਿਹਾ ਹੈ।
ਬਚਨ ਬੇਦਿਲ ਨੂੰ ਬੁੱਤ ਸਥਾਪਤ ਹੋਣ ਦੀ ਉਮੀਦ
ਪਿੰਡ ਬਡਰੁੱਖਾਂ ਦੇ ਵਸਨੀਕ ਗੀਤਕਾਰ ਬਚਨ ਬੇਦਿਲ ਨੇ ਕਿਹਾ ਕਿ ਪਿੰਡ ਬਡਰੁੱਖਾਂ ਹਲਕਾ ਵਿਧਾਇਕ ਅਮਨ ਅਰੋੜਾ ਦਾ ਜੱਦੀ ਪਿੰਡ ਹੈ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਜੱਦੀ ਜ਼ਿਲ੍ਹਾ ਸੰਗਰੂਰ ਦਾ ਇਤਿਹਾਸਕ ਪਿੰਡ ਹੈ, ਇਸ ਲਈ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਜਲਦੀ ਹੀ ‘ਆਪ’ ਸਰਕਾਰ ਜਿੱਥੇ ਪਿੰਡ ਵਿੱਚ ਸ਼ੇਰ-ਏ-ਪੰਜਾਬ ਦਾ ਬੁੱਤ ਸਥਾਪਤ ਕਰੇਗੀ, ਉਥੇ ਸਿੱਖ ਕੌਮ ਦੇ ਇਸ ਮਹਾਨ ਜਰਨੈਲ ਦੇ ਜਨਮ ਸਥਾਨ ਬਡਰੁੱਖਾਂ ਵਿੱਚ ਕੋਈ ਹੋਰ ਵੀ ਵੱਡੀ ਯਾਦਗਾਰ ਜਾਂ ਸੰਸਥਾ ਕਾਇਮ ਕਰੇਗੀ।