ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਜੁਲਾਈ
ਖੇਡ ਵਿਭਾਗ ਵੱਲੋਂ ਖੇਡਾਂ ਪੱਖੀ ਮਾਹੌਲ ਸਿਰਜਣ ਲਈ ‘ਪੰਜਾਬ ਖੇਡ ਮੇਲਾ’ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਅੰਡਰ 14 ਤੋਂ 60 ਸਾਲ ਵੈਟਰਨ ਗਰੁੱਪ ਤੱਕ 30 ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ। ਬਲਾਕ ਤੋਂ ਸੂਬਾ ਪੱਧਰ ਤੱਕ ਚੱਲਣ ਵਾਲੇ ਇਸ ਖੇਡ ਮੇਲੇ ਦੀ ਸ਼ੁਰੂਆਤ ਕੌਮੀ ਖੇਡ ਦਿਵਸ ਮੌਕੇ 29 ਅਗਸਤ ਨੂੰ ਹੋਵੇਗੀ, ਜਿਹੜਾ ਦੋ ਤੋਂ ਤਿੰਨ ਮਹੀਨੇ ਤੱਕ ਚੱਲੇਗਾ। ਹੁਣ ਪਹਿਲੀ ਵਾਰ ਛੇ ਵਰਗਾਂ ਦੇ ਬਲਾਕ ਪੱਧਰ ਤੋਂ ਮੁਕਾਬਲੇ ਹੋਣਗੇ।
ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਪੰਜਾਬ ਭਵਨ ਵਿੱਚ ਖੇਡ ਮੇਲੇ ਦੀਆਂ ਤਿਆਰੀਆਂ ਸਬੰਧੀ ਡਾਇਰੈਕਟਰ ਰਾਜੇਸ਼ ਧੀਮਾਨ ਦੇ ਨਾਲ ਸਮੂਹ ਜ਼ਿਲ੍ਹਾ ਖੇਡ ਅਫ਼ਸਰਾਂ ਦੀ ਸੱਦੀ ਮੀਟਿੰਗ ਉਪਰੰਤ ਦੱਸਿਆ ਕਿ ਖੇਡ ਵਿਭਾਗ ਨੇ ਆਪਣੇ ਕਿਸਮ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਖੇਡ ਪ੍ਰੋਗਰਾਮ ਉਲੀਕਿਆ ਹੈ, ਜਿਸ ਵਿੱਚ ਪੰਜਾਬ ਦੇ 3 ਲੱਖ ਦੇ ਕਰੀਬ ਖਿਡਾਰੀਆਂ ਦੀ ਹਿੱਸੇਦਾਰੀ ਹੋਵੇਗੀ। ਮਾਨਤਾ ਪ੍ਰਾਪਤ ਖੇਡ ਮੁਕਾਬਲਿਆਂ ਦੇ ਜੇਤੂ ਖਿਡਾਰੀ, ਜਿੱਥੇ ਆਪੋ-ਆਪਣੀਆਂ ਖੇਡਾਂ ਵਿੱਚ ਗਰੇਡਿੰਗ ਕਰਵਾ ਸਕਣਗੇ, ਉੱਥੇ ਸੂਬਾ ਪੱਧਰ ਦੇ ਜੇਤੂਆਂ ਨੂੰ 5 ਕਰੋੜ ਰੁਪਏ ਦੇ ਨਕਦ ਇਨਾਮ ਅਤੇ ਸਰਟੀਫਿਕੇਟ ਵੀ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਖੇਡ ਮੇਲੇ ਦੀ ਸ਼ੁਰੂਆਤ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ 29 ਅਗਸਤ ਵਾਲੇ ਦਿਨ ਹੋਵੇਗੀ, ਇਸ ਦਿਨ ਸਾਡਾ ਕੌਮੀ ਖੇਡ ਦਿਵਸ ਵੀ ਹੁੰਦਾ ਹੈ। ਉਦਘਾਟਨ ਜਾਂ ਸਮਾਪਤੀ ਸਮਾਗਮ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵਿਸ਼ੇਸ਼ ਤੌਰ ਉੱਤੇ ਪੁੱਜਣਗੇ। ਪੰਜਾਬ ਖੇਡ ਮੇਲੇ ਵਿਚ ਛੇ ਉਮਰ ਵਰਗ ਸ਼ਾਮਲ ਕੀਤੇ ਗਏ ਹਨ।