ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 31 ਮਾਰਚ
ਖੇਡ, ਯੁਵਕ ਸੇਵਾਵਾਂ ਅਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਟੋਕੀਓ ਓਲੰਪਿਕ-2021 ਲਈ ਕੁਆਲੀਫ਼ਾਈ ਕਰ ਚੁੱਕੀ ਕਮਲਪ੍ਰੀਤ ਕੌਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪਟਿਆਲਾ ਵਿਖੇ ਫ਼ੈਡਰੇਸ਼ਨ ਕੱਪ ਦੌਰਾਨ 65.06 ਮੀਟਰ ਗੋਲਾ ਸੁੱਟ ਕੇ ਨੌਂ ਸਾਲਾ ਕੌਮੀ ਰਿਕਾਰਡ ਤੋੜਨ ਵਾਲੀ ਪਹਿਲੀ ਭਾਰਤੀ ਡਿਸਕਸ ਥਰੋਅਰ ਨੂੰ ਪੰਜਾਬ ਸਰਕਾਰ ਵੱਲੋਂ 10 ਲੱਖ ਰੁਪਏ ਦਾ ਚੈੱਕ ਸੌਂਪਿਆ। ਸਰਕਾਰੀ ਰਿਹਾਇਸ਼ ’ਤੇ ਰਾਣਾ ਸੋਢੀ ਨੇ ਕਮਲਪ੍ਰੀਤ ਕੌਰ ਅਤੇ ਉਸ ਦੀ ਕੋਚ ਰਾਖੀ ਤਿਆਗੀ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ। ਖੇਡ ਮੰਤਰੀ ਨੇ ਕਿਹਾ ਕਿ ਡਿਸਕਸ ਥਰੋਅ ਵਿੱਚ ਕਰੀਬ ਦਹਾਕਾ ਪੁਰਾਣਾ ਰਿਕਾਰਡ ਤੋੜ ਕੇ ਦੇਸ਼ ਵਿੱਚੋਂ ਪਹਿਲੀ ਥਾਂ ਹਾਸਲ ਕਰਨਾ ਅਤੇ 65.06 ਮੀਟਰ ਦੀ ਸ਼ਾਨਦਾਰ ਕੋਸ਼ਿਸ਼ ਨਾਲ ਮਹਿਲਾ ਡਿਸਕਸ ਥਰੋਅ ਵਿੱਚ ਟੋਕੀਓ ਓਲੰਪਿਕ ਲਈ ਕੁਆਲੀਫ਼ਾਈ ਕਰਨਾ ਸੂਬੇ ਤੇ ਦੇਸ਼ ਲਈ ਮਾਣ ਵਾਲੀ ਗੱਲ ਹੈ।