ਪਾਲ ਸਿੰਘ ਨੌਲੀ
ਜਲੰਧਰ, 3 ਸਤੰਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੇ ਗਏ ਪ੍ਰੋਗਰਾਮ ‘ਗੱਲ ਪੰਜਾਬ ਦੀ’ ਨੂੰ ਜਿੱਥੇ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਪਾਰਟੀ ਦੇ ਵੱਡੇ ਆਗੂਆਂ ਦਾ ਗੁੱਸਾ ਵੀ ਬਾਹਰ ਆਉਣ ਲੱਗ ਪਿਆ ਹੈ। ਪਿਛਲੇ ਕਰੀਬ ਚਾਰ ਦਹਾਕਿਆਂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਮੱਕੜ ਭਰਾਵਾਂ ’ਚੋਂ ਭੁਪਿੰਦਰ ਸਿੰਘ ਮੱਕੜ ਨੇ ਆਪਣੇ ਵੱਡੇ ਭਰਾ ਸਰਬਜੀਤ ਸਿੰਘ ਮੱਕੜ ਨੂੰ ਟਿਕਟ ਨਾ ਮਿਲਣ ਦਾ ਦੁੱਖ ਫੇਸਬੁੱਕ ’ਤੇ ਲੋਕਾਂ ਨਾਲ ਸਾਂਝਾ ਕੀਤਾ। ਉਨ੍ਹਾਂ ਵੀਡੀਓ ਵਿਚ ਕਿਹਾ ਹੈ ਕਿ ਸੁਖਬੀਰ ਨੇ ਸਰਬਜੀਤ ਨੂੰ ਵਰਤ ਕੇ ਮਾਈਨਿੰਗ ਦੇ ਕੰਮ ਵਿਚ ਪਾਇਆ ਤੇ ਉਸ ਨੂੰ ਦਾਗ਼ੀ ਕਰ ਦਿੱਤਾ ਹੈ। ਉਨ੍ਹਾਂ ਆਪਣੀ ਵੀਡੀਓ ਵਿਚ ਵੱਡੇ ਬਾਦਲ ਦੀਆਂ ਸਿਫਤਾਂ ਕਰਦਿਆਂ ਕਿਹਾ ਕਿ ਉਨ੍ਹਾਂ ਵਰਗਾ ਰਾਜਸੀ ਆਗੂ ਪੈਦਾ ਨਹੀਂ ਹੋਇਆ ਪਰ ਹੁਣ ਉਮਰ ਜ਼ਿਆਦਾ ਹੋਣ ਕਰਕੇ ਉਨ੍ਹਾਂ ਦੀ ਕੋਈ ਪੇਸ਼ ਨਹੀਂ ਚੱਲਦੀ। ਉਨ੍ਹਾਂ ਦਾਅਵਾ ਕੀਤਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਸਰਕਾਰ ਨਹੀਂ ਬਣੇਗੀ। ਮੱਕੜ ਅਨੁਸਾਰ ਜ਼ੁਬਾਨ ਦੇ ਪੱਕੇ ਰਹਿਣ ਦੇ ਪੱਖ ਤੋਂ ਕੈਪਟਨ ਅਮਰਿੰਦਰ ਸਿੰਘ ਕਿਤੇ ਬਿਹਤਰ ਆਗੂ ਹਨ, ਜਿਹੜੇ ਆਪਣੀ ਗੱਲ ’ਤੇ ਕਾਇਮ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਤੋਂ ਅਕਾਲੀ ਦਲ ਵਿੱਚ ਸ਼ਾਮਲ ਹੋਏ ਜਗਬੀਰ ਬਰਾੜ ਨੂੰ ਟਿਕਟ ਦਿੱਤੇ ਜਾਣ ਦਾ ਉਨ੍ਹਾਂ ਨੂੰ ਕੋਈ ਦੁੱਖ ਨਹੀਂ ਪਰ ਦੂਜੇ ਆਗੂ ਨੂੰ ਟਿਕਟ ਨਾ ਦੇਣ ਦਾ ਠੋਸ ਕਾਰਨ ਵੀ ਹੋਣਾ ਚਾਹੀਦਾ ਹੈ। ਉਨ੍ਹਾਂ ਇਹ ਦਾਅਵਾ ਕੀਤਾ ਕਿ ਜਲੰਧਰ ’ਚੋਂ ਅਕਾਲੀ ਦਲ ਸਿਰਫ ਇਕ ਸੀਟ ਹੀ ਜਿੱਤੇਗਾ ਕਿਉਂਕਿ ਉਸ ਸੀਟ ’ਤੇ ਉਹ ਅਕਾਲੀ ਉਮੀਦਵਾਰ ਦੀ ਵਿਰੋਧਤਾ ਨਹੀਂ ਕਰਨਗੇ।