ਨਿੱਜੀ ਪੱਤਰ ਪ੍ਰੇਰਕ
ਫਾਜ਼ਿਲਕਾ, 21 ਨਵੰਬਰ
ਭਾਰਤ-ਪਾਕਿਸਤਾਨ ਸਰਹੱਦ ਦੇ ਝੰਗੜ ਭੈਣੀ ਖੇਤਰ ਵਿੱਚ ਬੀਐੱਸਐੱਫ ਦੀ 181 ਬਟਾਲੀਅਨ ਦੇ ਜਵਾਨਾਂ ਦੀ ਮੁਸਤੈਦੀ ਕਾਰਨ ਪਾਕਿਸਤਾਨ ਸਰਹੱਦ ਵੱਲੋਂ ਆਇਆ ਇੱਕ ਤਸਕਰ ਹੈਰਇਨ ਛੱਡ ਕੇ ਵਾਪਸ ਭੱਜ ਗਿਆ। ਸੂਤਰਾਂ ਅਨੁਸਾਰ ਅੱਜ ਸਵੇਰੇ ਧੁੰਦ ਦਾ ਲਾਹਾ ਲੈਂਦਿਆਂ ਇਕ ਪਾਕਿਸਤਾਨੀ ਤਸਕਰ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਇਆ। ਇਸ ਦਾ ਪਤਾ ਲੱਗਦਿਆਂ ਹੀ ਬੀਐੱਸਐੱਫ ਦੇ ਕਾਂਸਟੇਬਲ ਗੌਤਮ ਪਾਲ ਨੇ ਪੰਜ ਰਾਊਂਡ ਫਾਇਰ ਕੀਤੇ, ਜਿਸ ਕਾਰਨ ਤਸਕਰ ਜ਼ਖ਼ਮੀ ਹੋ ਗਿਆ ਅਤੇ ਵਾਪਸ ਭੱਜ ਗਿਆ। ਘਟਨਾ ਸਥਾਨ ’ਤੇ ਚੈਕਿੰਗ ਕਰਨ ’ਤੇ ਉੱਥੋਂ 10 ਪੈਕਟ ਹੈਰੋਇਨ ਦੇ ਬਰਾਮਦ ਹੋਏ, ਜਿਨ੍ਹਾਂ ਦਾ ਵਜ਼ਨ 10 ਕਿਲੋਗ੍ਰਾਮ ਹੈ। ਬਰਾਮਦ ਹੋਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਲਗਭਗ 30 ਕਰੋੜ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕੌਮਾਂਤਰੀ ਸਰਹੱਦ ਤੋਂ ਪਹਿਲਾਂ ਵੀ ਨਸ਼ਾ ਤਸਕਰੀ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ।