ਦੇਵਿੰਦਰ ਸਿੰਘ ਜੱਗੀ
ਪਾਇਲ, 7 ਨਵੰਬਰ
ਪਿੰਡ ਘੁਡਾਣੀ ਕਲਾਂ ਵਿੱਚ ਇਤਿਹਾਸਕ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਅੰਦਰ ਪਿਛਲੇ ਕਈ ਦਿਨਾਂ ਤੋਂ ਗੁਰੂਘਰ ਦੇ ਪ੍ਰਬੰਧਾਂ ਨੂੰ ਲੈ ਕੇ ਪਿੰਡ ਤੇ ਇਲਾਕੇ ਦੀ ਸੰਗਤ ਅਤੇ ਸ਼੍ਰੋਮਣੀ ਕਮੇਟੀ ਵਿਚਾਲੇ ਵਿਵਾਦ ਚੱਲ ਰਿਹਾ ਸੀ ਪਰ ਅੱਜ ਸਥਿਤੀ ਉਸ ਵਕਤ ਤਣਾਅਪੂਰਨ ਹੋ ਗਈ ਜਦੋਂ ਅਕਾਲੀ ਦਲ ਅੰਮ੍ਰਿਤਸਰ ਦੇ ਸਰਪ੍ਰਸਤ ਭਾਈ ਈਮਾਨ ਸਿੰਘ ਮਾਨ ਵੱਲੋਂ ਗੁਰਦੁਆਰੇ ਦੇ ਮੈਨੇਜਰ ਭਾਈ ਗੁਰਜੀਤ ਸਿੰਘ ਨਾਲ ਸ਼੍ਰੋਮਣੀ ਕਮੇਟੀ ਦੇ ਕਥਿਤ ਮਾੜੇ ਪ੍ਰਬੰਧਾਂ, ਬਰਗਾੜੀ ਕਾਂਡ ਅਤੇ ਹੋਰਨਾਂ ਮੁੱਦਿਆਂ ਨੂੰ ਲੈ ਕੇ ਚੱਲ ਰਹੀ ਗੱਲਬਾਤ ਦੌਰਾਨ ਉਸ ਸਮੇਂ ਵਿਵਾਦ ਖੜ੍ਹਾ ਹੋ ਗਿਆ ਜਦੋਂ ਈਮਾਨ ਸਿੰਘ ਮਾਨ ਨੂੰ ਐੱਸਐੱਚਓ ਪਾਇਲ ਵੱਲੋਂ ਸ਼ਾਂਤਮਈ ਤਰੀਕੇ ਨਾਲ ਗੱਲ ਕਰਨ ਲਈ ਕਿਹਾ ਗਿਆ। ਇਸ ਮਗਰੋਂ ਈਮਾਨ ਸਿੰਘ ਮਾਨ ਨੇ ਤਲਖੀ ’ਚੋਂ ਆਉਂਦਿਆਂ ਥਾਣਾ ਮੁਖੀ ਨੂੰ ਗਾਲੀ ਗਲੋਚ ਕਰਨ ਅਤੇ ਬਲਾਤਕਾਰੀ ਲੀਡਰਾਂ ਦੀ ਕਥਿਤ ਤੌਰ ’ਤੇ ਰਾਖੀ ਕਰਨ ਦੇ ਦੋਸ਼ ਲਾਏ। ਇਸ ਉਪਰੰਤ ਐੱਸਐੱਚਓ ਪਾਇਲ ਕਰਨੈਲ ਸਿੰਘ ਨੇ ਭਾਈ ਈਮਾਨ ਸਿੰਘ ਮਾਨ ਨੂੰ ਗ੍ਰਿਫਤਾਰ ਕਰਕੇ ਥਾਣਾ ਪਾਇਲ ਲਿਆਂਦਾ ਜਿੱਥੇ ਪੁਲੀਸ ਵੱਲੋਂ ਮਾਨ ਖਿਲਾਫ ਪਰਚਾ ਦਰਜ ਕੀਤਾ ਗਿਆ। ਇਸ ਮੌਕੇ ਮਾਨ ਦੇ ਸਮਰਥਕਾਂ ਵੱਲੋਂ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।