ਦਵਿੰਦਰ ਸਿੰਘ ਜੱਗੀ
ਪਾਇਲ, 7 ਨਵੰਬਰ
ਪਿੰਡ ਘੁਡਾਣੀ ਕਲਾਂ ਦੇ ਇਤਿਹਾਸਕ ਗੁਰਦੁਆਰਾ ਚੋਲਾ ਸਾਹਿਬ ’ਚ ਬੀਤੇ ਕਈ ਦਿਨਾਂ ਤੋਂ ਗੁਰੂ ਘਰ ਦੇ ਪ੍ਰਬੰਧਾਂ ਨੂੰ ਲੈ ਕੇ ਪਿੰਡ ਤੇ ਇਲਾਕੇ ਦੀ ਸੰਗਤ ਅਤੇ ਸ਼੍ਰੋਮਣੀ ਕਮੇਟੀ ਵਿਚਾਲੇ ਵਿਵਾਦ ਚੱਲ ਰਿਹਾ ਸੀ। ਪਰ ਅੱਜ ਸਥਿਤੀ ਉਸ ਵਕਤ ਤਣਾਅਪੂਰਨ ਹੋ ਗਈ ਜਦੋਂ ਅਕਾਲੀ ਦਲ ਅੰਮ੍ਰਿਤਸਰ ਦੇ ਸਰਪ੍ਰਸਤ ਭਾਈ ਈਮਾਨ ਸਿੰਘ ਮਾਨ, ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਗੁਰਜੀਤ ਸਿੰਘ ਦੇ ਨਾਲ ਸ਼੍ਰੋਮਣੀ ਕਮੇਟੀ ਦੇ ਕਥਿਤ ਮਾੜੇ ਪ੍ਰਬੰਧਾਂ, ਬਰਗਾੜੀ ਕਾਂਡ ਅਤੇ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਨੂੰ ਲੈ ਕੇ ਗੱਲ ਕਰ ਰਹੇ ਸਨ। ਇਸ ਦੌਰਾਨ ਐੱਸਐੱਚਓ ਪਾਇਲ ਨੇ ਜਦੋਂ ਭਾਈ ਈਮਾਨ ਸਿੰਘ ਨੂੰ ਸ਼ਾਂਤਮਈ ਤਰੀਕੇ ਨਾਲ ਗੱਲ ਕਰਨ ਲਈ ਆਖਿਆ ਤਾਂ ਭਾਈ ਮਾਨ ਥਾਣਾ ਮੁਖੀ ਨਾਲ ਕਥਿਤ ਤੌਰ ’ਤੇ ਮਾੜੀ ਸ਼ਬਦਾਵਲੀ ਨਾਲ ਪੇਸ਼ ਆਏ। ਉਨ੍ਹਾਂ ਥਾਣਾ ਮੁਖੀ ’ਤੇ ਲੀਡਰਾਂ ਦੀ ਰਾਖੀ ਕਰਨ ਦੇ ਦੋਸ਼ ਲਾਏ, ਜਿਸ ਮਗਰੋਂ ਐੱਸਐਚਓ ਕਰਨੈਲ ਸਿੰਘ ਨੇ ਪੁਲੀਸ ਪਾਰਟੀ ਨਾਲ ਈਮਾਨ ਸਿੰਘ ਮਾਨ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਨੂੰ ਥਾਣਾ ਪਾਇਲ ਲਿਜਾਇਆ ਗਿਆ। ਉਧਰ, ਭਾਈ ਈਮਾਨ ਸਿੰਘ ਮਾਨ ਦੇ ਸਮਰਥਕਾਂ ਨੇ ਰੋਸ ਵਿੱਚ ਆ ਕੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਥਾਣਾ ਮੁਖੀ ਕਰਨੈਲ ਸਿੰਘ ਨੇ ਕਿਹਾ ਕਿ ਈਮਾਨ ਸਿੰਘ ਮਾਨ ਖ਼ਿਲਾਫ਼ ਮਾੜੀ ਸ਼ਬਦਾਵਲੀ ਵਰਤਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਮੈਨੇਜਰ ਗੁਰਜੀਤ ਸਿੰਘ ਰਾਜੇਵਾਲ ਨੇ ਕਿਹਾ ਕਿ ਈਮਾਨ ਸਿੰਘ ਮਾਨ ਨੇ ਸੱਭਿਅਕ ਵਿਹਾਰ ਨਹੀਂ ਕੀਤਾ। ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਰਿੰਕਾ ਨੇ ਕਿਹਾ ਕਿ ਈਮਾਨ ਸਿੰਘ ਮਾਨ ਨਾਲ ਪੁਲੀਸ ਵੱਲੋਂ ਕੀਤੀ ਧੱਕੇਸ਼ਾਹੀ ਨਿੰਦਣਯੋਗ ਹੈ।
ਗੁਰਦੁਆਰੇ ’ਚ ਸਿਆਸੀ ਦਖ਼ਲ ਬਰਦਾਸ਼ਤ ਨਹੀਂ: ਸਰਪੰਚ
ਦਸ ਸਾਲ ਪਹਿਲਾਂ ਪਿੰਡ ਦੀ ਕਮੇਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੁਰਦੁਆਰਾ ਚੋਲਾ ਸਾਹਿਬ ਦੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਪਰ ਹੁਣ ਪਿੰਡ ਦੇ ਕੁਝ ਲੋਕ ਸ਼੍ਰੋਮਣੀ ਕਮੇਟੀ ਨੂੰ ਲਾਂਭੇ ਕਰਨਾ ਚਾਹੁੰਦੇ ਹਨ। ਸਰਪੰਚ ਹਰਿੰਦਰਪਾਲ ਸਿੰਘ ਹਨੀ, ਰਾਜਵੀਰ ਸਿੰਘ ਵੀਰੀ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕੁਝ ਸਿਆਸੀ ਪਾਰਟੀਆਂ ਦੇ ਆਗੂ ਗੁਰੂ ਘਰ ਦੇ ਚੱਲ ਰਹੇ ਪ੍ਰਬੰਧਾਂ ਵਿੱਚ ਬੇਲੋੜੀ ਦਖਲਅੰਦਾਜ਼ੀ ਕਰ ਰਹੇ ਹਨ ਜੋ ਪਿੰਡ ਵਾਸੀ ਸਹਿਣ ਨਹੀਂ ਕਰਨਗੇ।