ਸਰਬਜੀਤ ਸਿੰਘ ਭੰਗੂ
ਪਟਿਆਲਾ, 11 ਜਨਵਰੀ
ਕਰੋਨਾ ਦੇ ਵਧੇ ਪ੍ਰਕੋਪ ਦੌਰਾਨ ਕਰੋਨਾ ਵਾਲੰਟੀਅਰਾਂ ਵਜੋਂ ਆਰਜ਼ੀ ਤੌਰ ’ਤੇ ਭਰਤੀ ਕਰਨ ਮਗਰੋਂ ਹਟਾਏ ਗਏ ਡਾਕਟਰਾਂ, ਨਰਸਾਂ, ਲੈਬ ਤਕਨੀਸ਼ਨਾਂ ਅਤੇ ਪੈਰਾ ਮੈਡੀਕਲ ਮੁਲਾਜ਼ਮਾਂ ਨੇ ਆਪਣੀਆਂ ਸੇਵਾਵਾਂ ਦੀ ਬਹਾਲੀ ਲਈ ਅੱਜ ਇਥੇ ਬੱਸ ਸਟੈਂਡ ਚੌਕ ਵਿੱਚ ਧਰਨਾ ਦੇ ਕੇ ਆਵਾਜਾਈ ਠੱਪ ਕੀਤੀ। ਉਨ੍ਹਾਂ ਦਾ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਸੀ ਪਰ ਪੁਲੀਸ ਦੀ ਘੇਰਾਬੰਦੀ ਕਾਰਨ ਉਨ੍ਹਾਂ ਨੂੰ ਇਸੇ ਚੌਕ ’ਚ ਹੀ ਧਰਨਾ ਦੇਣਾ ਪਿਆ। ਇਸ ਮੌਕੇ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ। ਕੁਝ ਘੰਟੇ ਸਨੌਰ ਥਾਣੇ ਅਤੇ ਭੁੱਨਰਹੇੜੀ ਚੌਕੀ ’ਚ ਰੱਖਣ ਮਗਰੋਂ ਸ਼ਾਮ ਨੂੰ ਉਨ੍ਹਾਂ ਨੂੰ ਛੱਡ ਦਿੱਤਾ। ਇਨ੍ਹਾਂ ਦਰਜਨਾਂ ਕਰੋਨਾ ਵਾਲੰਟੀਅਰਾਂ ’ਚ ਕੁਝ ਮਹਿਲਾਵਾਂ ਵੀ ਸ਼ਾਮਲ ਸਨ।
ਪੁਲੀਸ ਦੀ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਇਨ੍ਹਾਂ ਵਾਲੰਟੀਅਰਾਂ ਦਾ ਤਰਕ ਸੀ ਕਿ ਉਹ ਆਪਣੀ ਮੰਗ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰੱਖਣਗੇ। ਕਰੋਨਾ ਵਾਲੰਟੀਅਰਾਂ ਦੀ ਜਥੇਬੰਦੀ ਦੇ ਸੂਬਾਈ ਪ੍ਰਧਾਨ ਰਾਜਵਿੰਦਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਆਪਣਾ ਇਹ ਪ੍ਰੋਗਰਾਮ ਗੁਪਤ ਰੱਖਿਆ ਸੀ। ਇਸ ਦੌਰਾਨ ਬੱਸ ਸਟੈਂਡ ਤੋਂ ਮੁੱਖ ਮੰਤਰੀ ਨਿਵਾਸ ਤੱਕ ਜਾਣਾ ਸੀ ਪਰ ਪੁਲੀਸ ਨੇ ਉਨ੍ਹਾਂ ਨੂੰ ਉਥੇ ਹੀ ਘੇਰਾ ਪਾ ਲਿਆ। ਇਸ ਮੌਕੇ ਚਮਕੌਰ ਸਿੰਘ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਬੇਰੁਜ਼ਗਾਰਾਂ ਨੂੰ ਲੜਕੀਆਂ ਸਣੇ ਥਾਣੇ ਵਿੱਚ ਡੱਕਣ ਦੀ ਇਹ ਕਾਰਵਾਈ ਨਿੰਦਣਯੋਗ ਹੈ।
ਵਾਲੰਟੀਅਰਾਂ ਦਾ ਤਰਕ ਹੈ ਕਿ ਪੁਲੀਸ ਨੇ ਹਿਰਾਸਤ ’ਚ ਲੈਣ ਮੌਕੇ ਉਨ੍ਹਾਂ ਨਾਲ਼ ਧੱਕਾਮੁੱਕੀ ਵੀ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀਆਂ ਸੇਵਾਵਾਂ ਬਹਾਲ ਕਰਕੇ ਖਾਲੀ ਪਈਆਂ ਹੋਰਨਾਂ ਅਸਾਮੀਆਂ ’ਤੇ ਕੰਮ ਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੌਤ ਦੇ ਮੂੰਹ ’ਚ ਕੰਮ ਕਰਨ ਵਾਲੇ ਇਨ੍ਹਾਂ ਵਾਲੰਟੀਅਰਾਂ ਨੂੰ ਕਦੇ ਕਰੋਨਾ ਯੋਧੇ ਕਹਿ ਕੇ ਸਨਮਾਨਣ ਵਾਲੀ ਸਰਕਾਰ ਅੱਜ ਉਨ੍ਹਾਂ ਨੂੰ ਧੱਕੇ ਮਾਰਨ ਸਮੇਤ ਥਾਣਿਆਂ ’ਚ ਡੱਕ ਰਹੀ ਹੈ। ਇਸ ਮੌਕੇ ਪ੍ਰਭਜੋਤ ਅੰਮ੍ਰਿਤਸਰ, ਗੁਰਪ੍ਰੀਤ ਮੋਗਾ, ਪ੍ਰਭਜੋਤ ਪਟਿਆਲਾ, ਹਰਦੀਪ ਕੌਹਰੀਆਂ, ਰਮਨਦੀਪ ਸੰਗਰੂਰ, ਸੁਖਰਾਜ ਫਰੀਦਕੋਟ, ਗੁਰਜੀਤ ਫ਼ਤਹਿਗੜ੍ਹ ਸਾਹਿਬ, ਗਗਨ ਆਨੰਦਪੁਰ ਸਾਹਿਬ ਮੌਜੂਦ ਸਨ।