ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 15 ਜਨਵਰੀ
ਖੇਤੀ ਕਾਨੂੰਨਾਂ ਦੇ ਵਿਰੋਧ ਦੌਰਾਨ ਅੱਜ ਭਾਜਪਾ ਦੇ ਸੰਸਦ ਮੈਂਬਰ ਸ਼ਵੇਤ ਮਲਿਕ ਨੂੰ ਉਸ ਵੇਲੇ ਸਥਾਨਕ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਪੁਤਲੀਘਰ ਦੇ ਇਲਾਕੇ ਗਵਾਲ ਮੰਡੀ ਵਿੱਚ ਪਾਰਕ ’ਚ ਲੱਗੇ ਓਪਨ ਜਿਮ ਦਾ ਉਦਘਾਟਨ ਕਰਨ ਗਏ। ਜ਼ਿਕਰਯੋਗ ਹੈ ਕਿ ਕਿਸਾਨਾਂ ਵੱਲੋਂ ਭਾਜਪਾ ਸੰਸਦ ਮੈਂਬਰ ਦੇ ਘਰ ਦੇ ਬਾਹਰ ਪੱਕਾ ਧਰਨਾ ਲਾਇਆ ਹੋਇਆ ਹੈ।
ਇਸ ਸਬੰਧੀ ਪ੍ਰਾਪਤ ਵੇਰਵਿਆਂ ਮੁਤਾਬਕ ਅੱਜ ਸ਼ਵੇਤ ਮਲਿਕ ਵੱਲੋਂ ਇਸ ਓਪਨ ਜਿਮ ਦਾ ਉਦਘਾਟਨ ਕਰਨ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਉਹ ਜਿਵੇਂ ਹੀ ਇਲਾਕੇ ਵਿਚ ਪੁੱਜੇ ਤਾਂ ਸਥਾਨਕ ਲੋਕਾਂ ਨੇ ਉਨ੍ਹਾਂ ਦੇ ਵਿਰੋਧ ਵਿਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਲੋਕਾਂ ਨੇ ਕੇਂਦਰ ਸਰਕਾਰ ਦੇ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ਭਾਜਪਾ ਆਗੂ ਨੂੰ ਉਦਘਾਟਨ ਕਰਨ ਤੋਂ ਰੋਕਿਆ ਜਿਸ ਕਾਰਨ ਉਹ ਬਿਨਾ ਉਦਘਾਟਨ ਹੀ ਵਾਪਸ ਪਰਤ ਗਏ। ਰੋਹ ਵਿਚ ਆਏ ਲੋਕਾਂ ਨੇ ਉਦਘਾਟਨ ਵਾਸਤੇ ਲਾਏ ਗਏ ਉਦਘਾਟਨੀ ਪੱਥਰ ’ਤੇ ਵੀ ਕਾਲਖ ਫੇਰ ਦਿੱਤੀ।
ਇਸ ਮੌਕੇ ਵਿਰੋਧ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਵਿੱਚ ਸ਼ਾਮਲ ਜਸਪਾਲ ਸਿੰਘ ਪੁਤਲੀਘਰ ਨੇ ਆਖਿਆ ਕਿ ਇਹ ਖੇਤੀ ਕਾਨੂੰਨਾਂ ਦੀ ਮਾਰ ਤੋਂ ਕੋਈ ਵੀ ਵਰਗ ਬਚ ਨਹੀਂ ਸਕਦਾ। ਇਨ੍ਹਾਂ ਕਾਰਨ ਕਿਸਾਨ ਹੀ ਨਹੀਂ ਬਲਕਿ ਆਮ ਲੋਕ ਵੀ ਪ੍ਰਭਾਵਿਤ ਹੋਣਗੇ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਭਾਜਪਾ ਦੇ ਆਗੂਆਂ ਦੀ ਜ਼ਮੀਰ ਮਰ ਚੁੱਕੀ ਹੈ ਤਾਂ ਹੀ ਉਹ ਆਪਣੇ ਭਰਾਵਾਂ ਦਾ ਸਾਥ ਨਹੀਂ ਦੇ ਰਹੇ ਪਰ ਇਨ੍ਹਾਂ ਨੂੰ ਇਕ ਦਿਨ ਲੋਕਾਂ ਅੱਗੇ ਜਵਾਬਦੇਹ ਹੋਣਾ ਪਵੇਗਾ। ਲੋਕਾਂ ਦੇ ਰੋਹ ਅਤੇ ਭਾਰੀ ਵਿਰੋਧ ਕਾਰਨ ਭਾਜਪਾ ਸੰਸਦ ਮੈਂਬਰ ਤੇ ਉਨ੍ਹਾਂ ਦੇ ਸਾਥੀਆਂ ਨੂੰ ਬਿਨਾਂ ਉਦਘਾਟਨ ਕੀਤਿਆਂ ਹੀ ਵਾਪਸ ਪਰਤਣਾ ਪਿਆ।
ਇੱਥੇ ਦੱਸਣਯੋਗ ਹੈ ਕਿ ਲੋਕਾਂ ਵੱਲੋਂ ਭਾਜਪਾ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਖ਼ਿਲਾਫ਼ ਵੀ ਲੋਹੜੀ ਵਾਲੇ ਦਿਨ ਖ਼ਾਲਸਾ ਕਾਲਜ ਦੇ ਬਾਹਰ ਰੋੋੋਸ ਦਿਖਾਵਾ ਕੀਤਾ ਗਿਆ ਸੀ। ਇਸ ਦੌਰਾਨ ਧਰਨਾਕਾਰੀਆਂ ਨੇ ਮੰਗ ਕੀਤੀ ਸੀ ਕਿ ਉਹ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਤੋਂ ਅਸਤੀਫ਼ਾ ਦੇਣ।
ਪੁਲੀਸ ਸੁਰੱਖਿਆ ਹੇਠ ਕੀਤਾ ਉਦਘਾਟਨ
ਲੋਕ ਵਿਰੋਧ ਦੇ ਕੁਝ ਦੇਰ ਬਾਅਦ ਭਾਜਪਾ ਸੰਸਦ ਮੈਂਬਰ ਨੇ ਪੁਲੀਸ ਸੁਰੱਖਿਆ ਦੇ ਘੇਰੇ ਹੇਠ ਓਪਨ ਜਿਮ ਦਾ ਉਦਘਾਟਨ ਕੀਤਾ। ਇਸ ਸਬੰਧ ਵਿਚ ਗੱਲ ਕਰਦਿਆਂ ਸ੍ਰੀ ਮਲਿਕ ਨੇ ਆਖਿਆ ਕਿ ਇਹ ਕਾਂਗਰਸ ਦੇ ਇਸ਼ਾਰੇ ’ਤੇ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਵਿਰੋਧ ਕਰਨ ਵਾਲਿਆਂ ਵਿਚ ਕਿਸਾਨ ਨਹੀਂ ਸਗੋਂ ਕਾਂਗਰਸੀ ਸ਼ਾਮਲ ਸਨ ਜਿਨ੍ਹਾਂ ਦਾ ਏਜੰਡਾ ਹੀ ਵਿਕਾਸ ਰੋਕਣਾ ਹੈ। ਕਾਂਗਰਸ ਨੇ ਨਾ ਤਾਂ ਆਪ ਕੋਈ ਵਿਕਾਸ ਕੀਤਾ ਹੈ ਤੇ ਨਾ ਹੀ ਉਹ ਕਰਨ ਦੇ ਰਹੇ ਹਨ।