ਸਰਬਜੀਤ ਸਿੰਘ ਭੰਗੂ/ਜਗਤਾਰ ਸਿੰਘ ਲਾਂਬਾ
ਪਟਿਆਲਾ/ਅੰਮ੍ਰਿਤਸਰ, 25 ਮਈ
ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਕਿਸਾਨੀ ਸੰਘਰਸ਼ ਦੀ ਹਮਾਇਤ ’ਚ ਆਪਣੀ ਪਟਿਆਲਾ ਦੀ ਯਾਦਵਿੰਦਰਾ ਕਲੋਨੀ ਵਿਚਲੀ ਕੋਠੀ ਦੇ ਬਨੇਰੇ ’ਤੇ ਅੱਜ ਕਾਲਾ ਝੰਡਾ ਚੜ੍ਹਾਇਆ ਹੈ ਜਦਕਿ ਉਨ੍ਹਾਂ ਦੀ ਅੰਮ੍ਰਿਤਸਰ ਸਥਿਤ ਰਿਹਾਇਸ਼ ’ਤੇ ਉਨ੍ਹਾਂ ਦੀ ਧੀ ਰਾਬੀਆ ਸਿੱਧੂ ਨੇ ਕਾਲਾ ਝੰਡਾ ਲਗਾਇਆ। ਪਟਿਆਲਾ ’ਚ ਕਾਲਾ ਝੰਡਾ ਲਾਉਣ ਸਮੇਂ ਸ੍ਰੀ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਵੀ ਨਾਲ ਸਨ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਵੱਲੋਂ ਅੱਜ ਆਪਣੇ ਘਰ ’ਤੇ ਲਾਇਆ ਗਿਆ ਇਹ ਕਾਲਾ ਝੰਡਾ ਖੇਤੀ ਕਾਨੂੰਨਾਂ ਤੇ ਕਿਸਾਨ ਵਿਰੋਧੀ ਸਿਸਟਮ ਨੂੰ ਠੁਕਰਾਉਣ ਦੀ ਨਿਸ਼ਾਨੀ ਹੈ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਇਹ ਸਿਸਟਮ ਨਹੀਂ ਬਦਲਿਆ ਜਾਵੇਗਾ, ਉਦੋਂ ਤੱਕ ਉਹ ਆਪਣੇ ਬਨੇਰੇ ਤੋਂ ਇਹ ਝੰਡਾ ਨਹੀਂ ਉਤਾਰਨਗੇ।
ਝੰਡਾ ਲਹਿਰਾਉਣ ਸਬੰਧੀ ਟਵਿੱਟਰ ’ਤੇ ਪਾਈ ਵੀਡੀਓ ’ਚ ਸ੍ਰੀ ਸਿੱਧੂ ਨੇ ਆਖਿਆ ਕਿ ਪੰਜਾਬ ਉਡੀਕਦਾ ਹੈ ਤੇ ਪੰਜਾਬ ਦੀ ਕਿਰਸਾਨੀ ਉਡੀਕਦੀ ਹੈ ਕਿ ਪੰਜਾਬ ਕਦੋਂ ਖੁਦਮੁਖਤਾਰੀ ਦੇ ਰਾਹ ਚੱਲੇਗਾ। ਸਿੱਧੂ ਨੇ ਕਿਹਾ ਕਿ ਢਾਈ ਦਹਾਕਿਆਂ ਤੋਂ ਪੰਜਾਬ ਸਿਰ ਕਰਜ਼ਾ ਵੱਧ ਰਿਹਾ ਹੈ ਜਦਕਿ ਆਮਦਨੀ ਅਤੇ ਉਪਜ ਘਟ ਰਹੀ ਹੈ। ਅਜਿਹੇ ਹਾਲਾਤ ਹੀ ਕਿਸਾਨਾਂ ਨੂੰ ਸੰਘਰਸ਼ ਲਈ ਮਜਬੂਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਖੇਤੀ ਕਾਨੂੰਨ ਕੇਂਦਰ ਨੇ ਪਹਿਲਾਂ ਤੋਂ ਹੀ ਗੰਭੀਰ ਸੰਕਟ ਵਿੱਚੋਂ ਲੰਘ ਰਹੀ ਕਿਸਾਨੀ ਨੂੰ ਡੋਬਣ ਲਈ ਲਿਆਂਦੇ ਹਨ ਜਿਨ੍ਹਾਂ ਨਾ ਸਿਰਫ਼ ਕਿਸਾਨ, ਬਲਕਿ ਛੋਟੇ ਵਪਾਰੀ ਤੇ ਮਜ਼ਦੂਰ ਵਰਗ ਨੂੰ ਵੀ ਝੰਜੋੜ ਕੇ ਰੱਖ ਦਿੱਤਾ ਹੈ। ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਦੇਸ਼ ਭਰ ਦੇ ਕਿਸਾਨ, ਮਜ਼ਦੂਰ ਤੇ ਹੋਰ ਵਰਗ ਜੂਝ ਰਹੇ ਹਨ। ਇਸੇ ਤਰ੍ਹਾਂ ਅੰਮ੍ਰਿਤਸਰ ’ਚ ਹੋਲੀ ਸਿਟੀ ਕਲੋਨੀ ਵਿਚਲੀ ਸ੍ਰੀ ਸਿੱਧੂ ਦੀ ਰਿਹਾਇਸ਼ ’ਤੇ ਕਾਲਾ ਝੰਡਾ ਉਨ੍ਹਾਂ ਦੀ ਬੇਟੀ ਰਾਬੀਆ ਸਿੱਧੂ ਨੇ ਲਾਇਆ।
ਪਰਮਿੰਦਰ ਢੀਂਡਸਾ ਨੇ ਵੀ ਆਪਣੀ ਰਿਹਾਇਸ਼ ’ਤੇ ਕਾਲਾ ਝੰਡਾ ਲਹਿਰਾਇਆ
ਸੰਗਰੂਰ (ਮਹਿੰਦਰ ਕੌਰ ਮੰਨੂ): ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਸੰਯੁਕਤ ਕਿਸਾਨ ਮੋਰਚੇ ਦੀ ਹਦਾਇਤ ਦੇ ਸੱਦੇ ਦੀ ਹਮਾਇਤ ਕਰਦਿਆਂ ਕਿਹਾ ਕਿ 26 ਮਈ ਦਾ ਰੋਸ ਦਿਵਸ ਮੋਦੀ ਸਰਕਾਰ ਖ਼ਿਲਾਫ਼ ਉੱਠਦੇ ਰੋਹ ਨੂੰ ਹੋਰ ਪ੍ਰਚੰਡ ਕਰੇਗਾ| ਉਨ੍ਹਾਂ ਇੱਥੇ ਆਪਣੀ ਨਿੱਜੀ ਰਿਹਾਇਸ਼ ’ਤੇ ਕਾਲੇ ਝੰਡੇ ਲਗਾ ਕੇ ਰੋਸ ਦਿਵਸ ਨੂੰ ਵੱਡੇ ਪੱਧਰ ’ਤੇ ਕਾਮਯਾਬ ਬਣਾਉਣ ਦਾ ਸੱਦਾ ਦਿੱਤਾ| ਉਨ੍ਹਾਂ ਆਪਣੀ ਕਾਰ ’ਤੇ ਵੀ ਕਾਲਾ ਝੰਡਾ ਲਾ ਕੇ ਰੋਸ ਦਾ ਇਜ਼ਹਾਰ ਕੀਤਾ| ਸ੍ਰੀ ਢੀਂਡਸਾ ਨੇ ਪਾਰਟੀ ਵਰਕਰਾਂ, ਸਮਰਥਕਾਂ ਤੇ ਕਿਸਾਨ ਹਿਤੈਸ਼ੀ ਲੋਕਾਂ ਨੂੰ ਘਰਾਂ, ਕਾਰਾਂ ਤੇ ਹੋਰ ਵਾਹਨਾਂ ਉੱਪਰ ਕਾਲੇ ਝੰਡੇ ਲਗਾ ਕੇ ਕਿਸਾਨ ਜਥੇਬੰਦੀਆਂ ਦੇ ਸੱਦੇ ਨੂੰ ਸਫ਼ਲ ਬਣਾਉਣ ਦੀ ਅਪੀਲ ਕੀਤੀ| ਉਨ੍ਹਾਂ ਕਿਹਾ ਕਿ ਰੋਸ ਦਿਵਸ ਦੀ ਹਰ ਵਰਗ ਹਮਾਇਤ ਕਰ ਰਿਹਾ ਹੈ ਤੇ ਇਕਜੁੱਟਤਾ ਨਾਲ ਹੀ ਕਿਸਾਨੀ ਸੰਘਰਸ਼ ਨੂੰ ਅੱਗੇ ਲਿਜਾ ਕੇ ਸਫ਼ਲ ਬਣਾਇਆ ਜਾਵੇਗਾ।