ਗਗਨਦੀਪ ਅਰੋੜਾ
ਲੁਧਿਆਣਾ, 28 ਅਕਤੂਬਰ
ਲੁਧਿਆਣਾ ਵਿੱਚ ਅੱਜ ਦੀਪ ਸਿੰਘ ਨਗਰ ਇਲਾਕੇ ਵਿੱਚ ਇੱਕ ਸੜਕ ਤੋਂ ਸਕੂਲ ਬੱਸ ਦੇ ਲੰਘਣ ਸਾਰ ਅਚਾਨਕ ਸੜਕ ਧਸ ਗਈ ਅਤੇ ਬੱਸ ਦੇ ਪਿੱਛੇ ਐਕਟਿਵਾ ’ਤੇ ਸਕੂਲ ਜਾ ਰਹੇ ਭੈਣ-ਭਰਾ ਧਸੀ ਸੜਕ ਕਾਰਨ ਪਏ 10 ਫੁੱਟ ਡੂੰਘੇ ਟੋਏ ’ਚ ਡਿੱਗਣ ਕਾਰਨ ਜ਼ਖ਼ਮੀ ਹੋ ਗਏ। ਦੋਵੇਂ ਭੈਣ-ਭਰਾਵਾਂ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੇਅਰ ਬਲਕਾਰ ਸੰਧੂ ਮੌਕੇ ’ਤੇ ਪਹੁੰਚੇ ਅਤੇ ਨਿਗਮ ਅਧਿਕਾਰੀਆਂ ਨੂੰ ਬੁਲਾ ਕੇ ਟੋਇਆ ਭਰਨਾ ਸ਼ੁਰੂ ਕਰਵਾ ਦਿੱਤਾ। ਸੜਕ ਧਸਣ ਦਾ ਕਾਰਨ ਸੀਵਰੇਜ ਲਾਈਨ ਦੀ ਲੀਕੇਜ ਹੋਣਾ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਛਾਉਣੀ ਮੁਹੱਲਾ ਵਾਸੀ ਡਾ. ਯੋਗੇਸ਼ ਮਲਹੋਤਰਾ ਦੀ ਲੜਕੀ ਤੇ ਲੜਕਾ ਅੱਜ ਸਵੇਰੇ ਐਕਟਿਵਾ ’ਤੇ ਕੇਵੀਐੱਮ ਸਕੂਲ ਜਾ ਰਹੇ ਸਨ। ਦੀਪ ਨਗਰ ਮੁੱਖ ਸੜਕ ’ਤੇ ਪੁੱਜਦੇ ਹੀ ਉਨ੍ਹਾਂ ਦੀ ਐਕਟਿਵਾ ਅੱਗੇ ਬੱਸ ਜਾ ਰਹੀ ਸੀ। ਮੁੱਖ ਸੜਕ ’ਤੇ ਜਿਵੇਂ ਹੀ ਇੱਕ ਜਗ੍ਹਾ ਤੋਂ ਸਕੂਲ ਬੱਸ ਲੰਘੀ ਤਾਂ ਤੁਰੰਤ ਸੜਕ ਧੱਸ ਗਈ, ਜਿਸ ਕਾਰਨ ਮਗਰ ਆਉਂਦੇ ਭੈਣ-ਭਰਾ ਐਕਟਿਵਾ ਸਣੇ ਟੋਏ ਵਿੱਚ ਡਿੱਗ ਪਏ। ਘਟਨਾ ਵਾਲੀ ਥਾਂ ਨੇੜੇ ਲੋਕਾਂ ਨੇ ਤੁਰੰਤ ਪੌੜੀ ਲਾ ਕੇ ਇੱਕ ਦੂਸਰੇ ਦੀ ਮਦਦ ਨਾਲ ਬੱਚਿਆਂ ਨੂੰ ਟੋਏ ਵਿੱਚੋਂ ਬਾਹਰ ਕੱਢਿਆ। ਸੂਚਨਾ ਮਿਲਣ ਮਗਰੋਂ ਉੱਥੇ ਪਹੁੰਚੇ ਮਾਪੇ ਬੱਚਿਆਂ ਨੂੰ ਹਸਪਤਾਲ ਲੈ ਕੇ ਗਏ।