ਮਹਿੰਦਰ ਸਿੰਘ ਰੱਤੀਆਂ
ਮੋਗਾ, 23 ਸਤੰਬਰ
ਇੱਥੋਂ ਦੇ ਕਬਾੜ ਬਾਜ਼ਾਰ ਵਿੱਚ ਚੋਰੀ ਦਾ ਮੋਟਰਸਾਈਕਲ ਬਰਾਮਦ ਕਰਨ ਆਈ ਦੱਸੀ ਜਾਂਦੀ ਥਾਣਾ ਡਿਵੀਜ਼ਨ-5, ਲੁਧਿਆਣਾ ਦੇ ਮੁਖੀ ਸਬ-ਇੰਸਪੈਕਟਰ ਕੁਲਦੀਪ ਸਿੰਘ ਨੇ ਤੈਸ਼ ਵਿੱਚ ਆ ਕੇ ਕਾਂਗਰਸੀ ਆਗੂ ਤੇ ਨਗਰ ਨਿਗਮ ਡਿਪਟੀ ਮੇਅਰ ਅਸ਼ੋਕ ਧਮੀਜਾ ਨੂੰ ਥੱਪੜ ਜੜ੍ਹ ਦਿੱਤਾ। ਇਸ ਮਗਰੋਂ ਇਕੱਠੇ ਹੋਏ ਲੋਕਾਂ ਨੇ ਲੁਧਿਆਣਾ ਪੁਲੀਸ ਨੂੰ ਘੇਰ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਪ੍ਰਾਪਤ ਵੇਰਵਿਆਂ ਅਨੁਸਾਰ ਸ਼ਾਮ ਨੂੰ 5 ਵਜੇ ਦੇ ਕਰੀਬ ਸਬ ਇੰਸਪੈਕਟਰ ਕੁਲਦੀਪ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਸਥਾਨਕ ਕਬਾੜ ਬਾਜ਼ਾਰ ਵਿੱਚ ਛਾਪਾ ਮਾਰਿਆ। ਇਸ ਮੌਕੇ ਕਥਿਤ ਤੌਰ ’ਤੇ ਚੋਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਮੁਨੀਸ਼ ਕੁਮਾਰ ਨਾਂ ਦਾ ਨੌਜਵਾਨ ਵੀ ਲੁਧਿਆਣਾ ਪੁਲੀਸ ਨਾਲ ਸੀ। ਲੁਧਿਆਣਾ ਪੁਲੀਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਮੁਲਜ਼ਮ ਦੀ ਪੁੱਛ ਪੜਤਾਲ ਮਗਰੋਂ ਹੀ ਇੱਥੇ ਛਾਪਾ ਮਾਰਿਆ ਹੈ। ਪੁਲੀਸ ਨੇ ਜਿਸ ਦੁਕਾਨ ’ਤੇ ਛਾਪਾ ਮਾਰਿਆ ਸੀ, ਉਸ ਦੇ ਮਾਲਕ ਨੇ ਫੋਨ ਕਰਕੇ ਸਥਾਨਕ ਨਗਰ ਨਿਗਮ ਦੇ ਡਿਪਟੀ ਮੇਅਰ ਅਤੇ ਕਬਾੜ ਬਾਜ਼ਾਰ ਦੇ ਪ੍ਰਧਾਨ ਅਸ਼ੋਕ ਧਮੀਜਾ ਨੂੰ ਸੱਦ ਲਿਆ। ਪੁਲੀਸ ਦੀ ਇਸ ਕਾਰਵਾਈ ਬਾਰੇ ਪੁੱਛਣ ’ਤੇ ਤੈਸ਼ ’ਚ ਆਏ ਐੱਸਐੱਚਓ ਕੁਲਦੀਪ ਸਿੰਘ ਨੇ ਡਿਪਟੀ ਮੇਅਰ ਨੂੰ ਥੱਪੜ ਮਾਰ ਦਿੱਤਾ। ਇਹ ਸਾਰੀ ਕਾਰਵਾਈ ਸੀਸੀਟੀਵੀ ਫੁਟੇਜ ਵਿੱਚ ਕੈਦ ਹੋ ਗਈ। ਇਸ ਮਗਰੋਂ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੇ ਲੁਧਿਆਣਾ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਮਗਰੋਂ ਮਾਹੌਲ ਤਣਾਅਪੂਰਨ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐੱਸਪੀ ਸਿਟੀ ਜਸ਼ਨਦੀਪ ਸਿੰਘ ਗਿੱਲ ਤੇ ਥਾਣਾ ਸਿਟੀ ਦੱਖਣੀ ਦੇ ਮੁਖੀ ਇੰਸਪੈਕਟਰ ਲਛਮਣ ਸਿੰਘ ਢਿੱਲੋਂ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਪੁਲੀਸ ਮੁਲਾਜ਼ਮ ਮੌਕੇ ’ਤੇ ਪਹੁੰਚੇ।
ਇਸ ਮੌਕੇ ਲੁਧਿਆਣਾ ਪੁਲੀਸ ਡਿਪਟੀ ਮੇਅਰ ਨੂੰ ਥੱਪੜ ਮਾਰਨ ਤੋਂ ਮੁੱਕਰ ਗਈ। ਸਥਾਨਕ ਪੁਲੀਸ ਨੇ ਗੱਲਬਾਤ ਬਹਾਨੇ ਲੁਧਿਆਣਾ ਪੁਲੀਸ ਨੂੰ ਭੀੜ ’ਚ ਕੱਢ ਕੇ ਇੱਕ ਦੁਕਾਨ ਅੰਦਰ ਲਿਆਂਦਾ। ਕਰੀਬ ਘੰਟਾ ਭਰ ਲੋਕ ਬਾਹਰ ਕਾਰਵਾਈ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕਰਦੇ ਰਹੇ।
ਡੀਐੱਸਪੀ ਵੱਲੋਂ ਕਾਰਵਾਈ ਦਾ ਭਰੋਸਾ
ਡੀਐੱਸਪੀ ਸਿਟੀ ਜਸ਼ਨਦੀਪ ਗਿੱਲ ਨੇ ਲੋਕਾਂ ਨੂੰ ਸ਼ਾਂਤ ਕਰਦਿਆਂ ਬਣਦੀ ਕਾਨੂੰਨੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਬਾਅਦ ਸੁਰੱਖਿਆ ਘੇਰੇ ਅਧੀਨ ਲੁਧਿਆਣਾ ਪੁਲੀਸ ਨੂੰ ਸਥਾਨਕ ਥਾਣਾ ਸਿਟੀ ਵਿੱਚ ਲਿਆਂਦਾ ਗਿਆ ਅਤੇ ਥਾਣੇ ਦਾ ਗੇਟ ਬੰਦ ਕਰਕੇ ਪੁਲੀਸ ਪਹਿਰਾ ਲਗਾ ਦਿੱਤਾ ਗਿਆ।