ਅੰਮ੍ਰਿਤਸਰ (ਮਨਮੋਹਨ ਸਿੰਘ ਢਿੱਲੋਂ): ਕਿਸਾਨ ਜਥੇਬੰਦੀਆਂ ਵੱਲੋਂ 8 ਦਸੰਬਰ ਨੂੰ ਭਾਰਤ ਬੰਦ ਦੇ ਦਿੱਤੇ ਸੱਦੇ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮਰਥਨ ਕੀਤਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸ ਦਿਨ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਅਤੇ ਸੰਸਥਾ ਨਾਲ ਸਬੰਧਤ ਅਦਾਰੇ ਬੰਦ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਵੱਲੋਂ ਕਿਸਾਨਾਂ ਲਈ ਲੰਗਰ ਤੇ ਮੈਡੀਕਲ ਆਦਿ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਸੰਘਰਸ਼ ਦੌਰਾਨ ਜਾਨਾਂ ਗਵਾਉਣ ਵਾਲੇ ਸੱਤ ਕਿਸਾਨਾਂ ਦੇ ਪਰਿਵਾਰਾਂ ਨੂੰ ਵਿੱਤੀ ਮਦਦ ਦੇਣ ਦਾ ਵੀ ਫ਼ੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਬੀਬੀ ਜਗੀਰ ਕੌਰ ਦੀ ਅਗਵਾਈ ਵਿਚ ਹੋਈ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿਚ ਸ਼੍ਰੋਮਣੀ ਕਮੇਟੀ ਵੱਲੋਂ 7 ਦਸੰਬਰ ਨੂੰ ਸਮੂਹ ਇਤਿਹਾਸਕ ਗੁਰਦੁਆਰਿਆਂ ਅੰਦਰ ਕਿਸਾਨੀ ਸੰਘਰਸ਼ ਦੀ ਕਾਮਯਾਬੀ ਲਈ ਅਰਦਾਸ ਸਮਾਗਮ ਕਰਨ ਦਾ ਫ਼ੈਸਲਾ ਵੀ ਕੀਤਾ ਹੋਇਆ ਹੈ। ਇਹ ਅਰਦਾਸ ਸਮਾਗਮ ਸਵੇਰੇ 8 ਤੋਂ 9 ਵਜੇ ਤਕ ਕੀਤੇ ਜਾਣੇ ਹਨ।