ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 6 ਜੁਲਾਈ
ਸ਼੍ਰੋਮਣੀ ਕਮੇਟੀ ਵੱਲੋਂ ਗੁਰਬਾਣੀ ਵਿੱਚ ਦਰਜ ਨਿਤਨੇਮ ਦੀਆਂ ਬਾਣੀਆਂ ਆਦਿ ਬਾਰੇ ਆਪਣਾ ਐਪ ਤਿਆਰ ਕੀਤਾ ਜਾਵੇਗਾ ਅਤੇ ਗੁਰਬਾਣੀ ਵਿੱਚ ਗ਼ਲਤੀਆਂ ਵਾਲੇ ਐਪ ਖ਼ਿਲਾਫ਼ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ। ਇਹ ਖ਼ੁਲਾਸਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਕੀਤੇ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਕੀਤਾ।
ਸ੍ਰੀ ਧਾਮੀ ਨੇ ਦੱਸਿਆ ਕਿ ਲੰਘੇ ਦਿਨੀਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਆਨਲਾਈਨ ਚੱਲ ਰਹੇ ਗੁਰਬਾਣੀ ਆਧਾਰਿਤ ਐਪਸ ਵਿਚ ਗੁਰਬਾਣੀ ਦੀਆਂ ਤਰੁੱਟੀਆਂ ਦਾ ਮਾਮਲਾ ਸਾਹਮਣੇ ਲਿਆਂਦਾ ਗਿਆ ਸੀ। ਉਨ੍ਹਾਂ ਇਸ ਸਬੰਧੀ ਸ਼੍ਰੋਮਣੀ ਕਮੇਟੀ ਨੂੰ ਜਾਂਚ ਦੇ ਆਦੇਸ਼ ਦਿੱਤੇ ਸਨ। ਸ਼੍ਰੋਮਣੀ ਕਮੇਟੀ ਵੱਲੋਂ ਕਾਇਮ ਸਬ-ਕਮੇਟੀ ਦੀ ਰਿਪੋਰਟ ਵਿੱਚ ਇਸ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਕਿਹਾ ਕਿ ਤਰੁੱਟੀਆਂ ਵਾਲੇ ਐਪਸ ਨੂੰ ਬੰਦ ਕਰਵਾਉਣ ਲਈ ਕਾਰਵਾਈ ਕੀਤੀ ਜਾਵੇਗੀ। ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੀ ਨਿਗਰਾਨੀ ਹੇਠ ਨਿੱਤਨੇਮ, ਸੁੰਦਰ ਗੁਟਕਾ ਸਣੇ ਹੋਰ ਪਾਵਨ ਗੁਰਬਾਣੀ ਦਾ ਮਿਲਾਣ ਕਰ ਕੇ ਸ਼੍ਰੋਮਣੀ ਕਮੇਟੀ ਵੱਲੋਂ ਖ਼ੁਦ ਐਪ ਤਿਆਰ ਕਰਵਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਅੰਤ੍ਰਿੰਗ ਕਮੇਟੀ ਨੇ ਸਿੱਖ ਇਤਿਹਾਸ ਰਿਸਰਚ ਬੋਰਡ ਰਾਹੀਂ ਪੁਰਾਤਨ ਰਵਾਇਤ ਅਨੁਸਾਰ ਸਾਲਾਨਾ ਇਤਿਹਾਸਕ ਕਾਨਫਰੰਸ ਨੂੰ ਵੀ ਪ੍ਰਵਾਨਗੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਆਸਟਰੇਲੀਆ ਤੋਂ ਪੁੱਜੀ ਮੰਗ ਅਨੁਸਾਰ ਗੁਰੂ ਗ੍ਰੰਥ ਸਾਹਿਬ ਦੇ 220 ਪਾਵਨ ਸਰੂਪ ਵਿਸ਼ੇਸ਼ ਪ੍ਰਬੰਧਾਂ ਹੇਠ ਵਿਦੇਸ਼ ਵਿੱਚ ਭੇਜੇ ਜਾਣਗੇ। ਉਨ੍ਹਾਂ ਦੱਸਿਆ ਕਿ ਹਰਿਆਣਾ ਦੇ ਸਢੌਰਾ ’ਚ ਪੀਰ ਬੁੱਧੂ ਸ਼ਾਹ ਦੀ ਇਤਿਹਾਸਕ ਹਵੇਲੀ ਨੂੰ ਵੀ ਸੰਭਾਲਣ ਦਾ ਫ਼ੈਸਲਾ ਕੀਤਾ ਗਿਆ ਹੈ।
ਇਸੇ ਦੌਰਾਨ ਸਾਲ 2015 ’ਚ ਵਾਪਰੇ ਬੇਅਦਬੀ ਮਾਮਲੇ ’ਤੇ ਜਾਂਚ ਟੀਮ ਵੱਲੋਂ ਹਾਲ ਹੀ ਵਿਚ ਪੇਸ਼ ਕੀਤੀ ਰਿਪੋਰਟ ਬਾਰੇ ਪ੍ਰਧਾਨ ਸ੍ਰੀ ਧਾਮੀ ਨੇ ਆਖਿਆ ਕਿ ਬੇਅਦਬੀ ਮਾਮਲਿਆਂ ’ਤੇ ਬੀਤੇ ’ਚ ਸਿਆਸਤ ਕਰਨ ਵਾਲੇ ਆਗੂਆਂ ਨੂੰ ਸਿੱਖ ਪੰਥ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
ਕੇਂਦਰੀ ਸਿੱਖ ਅਜਾਇਬ ਘਰ ’ਚ ਲੱਗੇਗੀ ਬਲਵਿੰਦਰ ਜਟਾਣਾ ਦੀ ਤਸਵੀਰ
ਪੰਜਾਬ ਵਿੱਚ ਅਤਿਵਾਦ ਵੇਲੇ ਸਰਗਰਮ ਰਹੀ ਜਥੇਬੰਦੀ ਬੱਬਰ ਖਾਲਸਾ ਦੇ ਇੱਕ ਹੋਰ ਮੈਂਬਰ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਤਸਵੀਰ ਸ਼੍ਰੋਮਣੀ ਕਮੇਟੀ ਵੱਲੋਂ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸਥਾਪਤ ਕੀਤੀ ਜਾਵੇਗੀ। ਇਹ ਫ਼ੈਸਲਾ ਅੱਜ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਿੱਚ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਪੰਜਾਬ ਦੇ ਪਾਣੀਆਂ ਦੀ ਰਖਵਾਲੀ ਲਈ ਐਸਵਾਈਐਲ ਦਾ ਵਿਰੋਧ ਕਰਨ ਵਾਲੇ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਮਰਹੂਮ ਪ੍ਰਿੰ. ਸੁਰਿੰਦਰ ਸਿੰਘ ਅਤੇ ਸਾਬਕਾ ਮੈਂਬਰ ਹਰਿੰਦਰ ਸਿੰਘ ਰਣੀਆ ਦੀ ਤਸਵੀਰ ਵੀ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸਥਾਪਿਤ ਹੋਵੇਗੀ। ਭਾਈ ਜਟਾਣਾ ਦਾ ਜ਼ਿਕਰ ਗਾਇਕ ਸਿੱਧੂ ਮੂਸੇਵਾਲ ਦੇ ਗੀਤ ਵਿੱਚ ਕੀਤਾ ਗਿਆ ਸੀ। ਇਸ ਗੀਤ ਮਗਰੋਂ ਭਾਈ ਜਟਾਣਾ ਦੀ ਚਰਚਾ ਵੱਡੇ ਪੱਧਰ ’ਤੇ ਹੋਈ ਹੈ। ਇਸ ਸਬੰਧੀ ਦਲ ਖ਼ਾਲਸਾ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਪੱਤਰ ਸੌਂਪ ਕੇ ਜਟਾਣਾ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਾਉਣ ਦੀ ਮੰਗ ਕੀਤੀ ਸੀ।