ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 17 ਜੂਨ
ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੱਜ ਇਥੇ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਕੀਤੇ ਇਕ ਸਮਾਗਮ ਦੌਰਾਨ ਸੈਸ਼ਨ 2019-20 ਦੀ ਧਾਰਮਿਕ ਪ੍ਰੀਖਿਆ ਵਿੱਚ ਅਹਿਮ ਸਥਾਨ ਪ੍ਰਾਪਤ ਕਰਨ ਵਾਲੇ 990 ਵਿਦਿਆਰਥੀਆਂ ਨੂੰ ਲਗਪਗ 22 ਲੱਖ ਰੁਪਏ ਦੀ ਵਜ਼ੀਫ਼ਾ ਰਕਮ ਵੰਡੀ ਹੈ। ਸਮਾਰੋਹ ਨੂੰ ਸੰਬੋਧਨ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਬੱਚੇ ਅਤੇ ਨੌਜਵਾਨ ਕੌਮ ਦਾ ਭਵਿੱਖ ਹਨ ਅਤੇ ਇਨ੍ਹਾਂ ਦਾ ਧਰਮ ਪ੍ਰਤੀ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਹੈ, ਜੇਕਰ ਇਹ ਸਿੱਖੀ ਦੀਆਂ ਕਦਰਾਂ-ਕੀਮਤਾਂ ਅਤੇ ਸਿੱਖ ਸੱਭਿਆਚਾਰ ਤੋਂ ਜਾਣੂ ਹੋਣਗੇ ਤਾਂ ਨਿਰਸੰਦੇਹ ਕੌਮ ਦੀ ਚੜ੍ਹਦੀ ਕਲਾ ਰਹੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਈ ਗਈ ਧਾਰਮਿਕ ਪ੍ਰੀਖਿਆ ਵਿੱਚ ਇਸ ਵਾਰ ਲਗਪਗ 50 ਹਜ਼ਾਰ ਵਿਦਿਆਰਥੀਆਂ ਨੇ ਭਾਗ ਲਿਆ ਸੀ, ਜਿਨ੍ਹਾਂ ਵਿੱਚੋਂ 990 ਵਿਦਿਆਰਥੀਆਂ ਨੇ ਵਜ਼ੀਫ਼ਾ ਪ੍ਰਾਪਤ ਕੀਤਾ, ਜਦਕਿ 17 ਵਿਦਿਆਰਥੀਆਂ ਨੇ ਵਧੀਆ ਕਾਰਗੁਜ਼ਾਰੀ ਦਿਖਾਉਂਦਿਆਂ ਮੈਰਿਟ ਵਿਚ ਸਥਾਨ ਹਾਸਲ ਕੀਤਾ।
ਸੈਸ਼ਨ 2019-20 ਵਿੱਚ ਚਾਰ ਦਰਜਿਆਂ ਦੇ 17 ਵਿਦਿਆਰਥੀਆਂ ਨੇ ਪਹਿਲੇ, ਦੂਸਰੇ ਤੇ ਤੀਸਰੇ ਸਥਾਨ ’ਤੇ ਰਹਿ ਕੇ ਮੈਰਿਟ ਵਿੱਚ ਸਥਾਨ ਹਾਸਲ ਕੀਤਾ, ਜਿਨ੍ਹਾਂ ਨੂੰ ਕ੍ਰਮਵਾਰ 5100, 4100 ਤੇ 3100 ਰੁਪਏ ਦੀ ਵਿਸ਼ੇਸ਼ ਇਨਾਮੀ ਰਾਸ਼ੀ ਦੇ ਕੇ ਸਨਮਾਨਿਆ ਗਿਆ। ਪਹਿਲੇ ਦਰਜੇ ਵਿੱਚ ਪਹਿਲਾ ਸਥਾਨ ਗੁਰੂ ਅਰਜਨ ਦੇਵ ਪਬਲਿਕ ਸਕੂਲ ਬਾਰਠ ਸਾਹਿਬ ਪਠਾਨਕੋਟ ਦੀ ਵਿਦਿਆਰਥਣ ਨਵਪ੍ਰੀਤ ਕੌਰ, ਦੂਜੇ ਦਰਜੇ ਵਿੱਚ ਪਹਿਲਾ ਸਥਾਨ ਗੁਰੂ ਨਾਨਕ ਦੇਵ ਪਬਲਿਕ ਸਕੂਲ ਬਸੀਆ ਲੁਧਿਆਣਾ ਦੀ ਰਮਨਜੋਤ ਕੌਰ, ਤੀਸਰੇ ਦਰਜੇ ਵਿੱਚ ਪਹਿਲਾ ਸਥਾਨ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਗੁਰਦਾਸਪੁਰ ਦੀ ਮਨਦੀਪ ਕੌਰ ਅਤੇ ਚੌਥੇ ਦਰਜੇ ਵਿੱਚੋਂ ਪਹਿਲਾ ਸਥਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਮਨਪ੍ਰੀਤ ਕੌਰ ਨੇ ਪ੍ਰਾਪਤ ਕੀਤਾ।