ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 23 ਅਗਸਤ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਮਲਕੀਅਤ ਵਾਲੀ ਥਾਂ ਬਾਗ ਅਕਾਲੀ ਮਾਰਕੀਟ ’ਚੋਂ ਦੁਕਾਨਾਂ ਤੇ ਹੋਰ ਇਮਾਰਤਾਂ ਢਾਹੁਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਥੇ ਬਾਗ ਅਕਾਲੀ ਮਾਰਕੀਟ ’ਚ ਲਗਪਗ 7 ਏਕੜ ਥਾਂ ’ਤੇ ਸ਼ਰਧਾਲੂਆਂ ਵਾਸਤੇ ਇਕ ਹਜ਼ਾਰ ਕਮਰੇ ਵਾਲੀ ਸਰਾਂ ਬਣਾਉਣਾ ਚਾਹੁੰਦੀ ਹੈ। ਇਸ ਥਾਂ ’ਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵਾਸਤੇ ਰਿਹਾਇਸ਼ੀ ਕੁਆਰਟਰ ਵੀ ਬਣੇ ਹੋਏ ਹਨ। ਬੀਤੇ ਕੱਲ੍ਹ ਤੋਂ ਇੱਥੇ ਸ਼੍ਰੋਮਣੀ ਕਮੇਟੀ ਵੱਲੋਂ ਮਸ਼ੀਨਾਂ ਦੀ ਮਦਦ ਨਾਲ ਦੁਕਾਨਾਂ ਤੇ ਹੋਰ ਇਮਾਰਤਾਂ ਨੂੰ ਢਹਿ-ਢੇਰੀ ਕੀਤਾ ਜਾ ਰਿਹਾ ਹੈ। ਲਗਪਗ 15 ਤੋਂ ਵੱਧ ਇਮਾਰਤਾਂ ਢਾਹ ਦਿੱਤੀਆਂ ਗਈਆਂ ਹਨ। ਇਸ ਦੌਰਾਨ ਕੁਝ ਦੁਕਾਨਦਾਰਾਂ ਨੇ ਆਪਣੇ ਭਵਿੱਖ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਦੁਕਾਨਦਾਰ ਸੰਜੀਵ ਕੁਮਾਰ ਨੇ ਦੱਸਿਆ ਕਿ ਉਹ 60 ਸਾਲਾਂ ਤੋਂ ਇੱਥੇ ਅਲਮਾਰੀਆਂ ਦਾ ਕਾਰੋਬਾਰ ਕਰ ਰਿਹਾ ਹੈ ਪਰ ਸ਼੍ਰੋਮਣੀ ਕਮੇਟੀ ਨੇ ਉਸ ਦੀ ਦੁਕਾਨ ਢਾਹ ਦਿੱਤੀ ਹੈੈ। ਬਾਗ ਅਕਾਲੀ ਮਾਰਕੀਟ ਸ਼ਾਪ ਐਸੋਸੀਏਸ਼ਨ ਦੇ ਪ੍ਰਧਾਨ ਲਾਲ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧੀ ਕਿਰਾਏਦਾਰਾਂ ਨਾਲ 4 ਮੀਟਿੰਗਾਂ ਕੀਤੀਆਂ ਗਈਆਂ ਹਨ ਤੇ ਦੁਕਾਨਦਾਰਾਂ ਨੂੰ ਵਸਾਉਣ ਦਾ ਭਰੋਸਾ ਵੀ ਦਿੱਤਾ ਸੀ, ਪਰ ਹੁਣ ਬਿਨਾਂ ਸਮਾਂ ਦਿੱਤਿਆਂ ਦੁਕਾਨਾਂ ਢਾਹੁਣੀਆਂ ਸ਼ੁਰੂ ਕਰ ਦਿੱਤੀਆਂ।
ਦੁਕਾਨਦਾਰਾਂ ਦੀ ਸਹਿਮਤੀ ਮਗਰੋਂ ਦੁਕਾਨਾਂ ਢਾਹੀਆਂ: ਮੈਨੇਜਰ
ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਨੇ ਦੱਸਿਆ ਕਿ ਦੁਕਾਨਾਂ ਢਾਹੁਣ ਦੀ ਕਾਰਵਾਈ ਦੁਕਾਨਦਾਰਾਂ ਕੋਲੋਂ ਸਹਿਮਤੀ ਲੈਣ ਮਗਰੋ ਬੀਤੇ ਕੱਲ੍ਹ ਤੋਂ ਸ਼ੁਰੂ ਕੀਤੀ ਹੋਈ ਹੈ। ਕੱਲ੍ਹ ਇਸ ’ਤੇ ਕਿਸੇ ਨੇ ਵੀ ਕੋਈ ਇਤਰਾਜ਼ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਦੁਕਾਨਦਾਰ ਨੂੰ ਉਜਾੜਿਆ ਨਹੀਂ ਜਾਵੇਗਾ, ਸਗੋਂ ਨਵੀਂ ਇਮਾਰਤ ਵਿਚ ਉਨ੍ਹਾਂ ਨੂੰ ਦੁਕਾਨਾਂ ਦਿੱਤੀਆਂ ਜਾਣਗੀਆਂ। ਇਸ ਸਬੰਧੀ ਭਲਕੇ ਇਕ ਮੀਟਿੰੰਗ ਵੀ ਰੱਖੀ ਗਈ ਹੈ।