ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 19 ਜੂਨ
ਪੰਜਾਬ ਦੀ ਸਿਆਸਤ ’ਤੇ ਲੰਬਾ ਸਮਾਂ ਰਾਜ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਤੇ ਸਿੱਖ ਕੌਮ ਲਈ ਆਵਾਜ਼ ਚੁੱਕਣ ਵਾਲੇ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਿਰੁੱਧ ਕਈ ਕੇਸ ਦਰਜ ਕਰਵਾਏ ਹਨ।
ਇਹ ਗੱਲ ਅਕਾਲੀ ਦਲ (ਅੰਮ੍ਰਿਤਸਰ) ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਰੰਜਨ ਲਖਨਪਾਲ, ਚੰਡੀਗੜ੍ਹ ਇਕਾਈ ਦੇ ਪ੍ਰਧਾਨ ਗੋਪਾਲ ਸਿੰਘ ਸਿੱਧੂ ਅਤੇ ਐਡਵੋਕੇਟ ਸਿਮਰਜੀਤ ਸਿੰਘ ਨੇ ਕਹੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਿਰੰਤਰ ਧੋਖੇ ਅਤੇ ਫਰੇਬ ਦੀ ਰਾਜਨੀਤੀ ਕਰਦਾ ਆ ਰਿਹਾ ਹੈ, ਜਿਨ੍ਹਾਂ ਨੇ ਸੰਗਰੂਰ ਜ਼ਿਮਨੀ ਚੋਣ ਵਿੱਚ ਵੀ ਧਰਮ ਦੇ ਨਾਮ ’ਤੇ ਕੋਝੀ ਸਿਆਸਤ ਕਰਦਿਆਂ ਬੀਬੀ ਕਮਲਦੀਪ ਕੌਰ ਨੂੰ ਬਤੌਰ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਿਆ ਹੈ।
ਐਡਵੋਕੇਟ ਰੰਜਨ ਲਖਨਪਾਲ ਅਤੇ ਗੋਪਾਲ ਸਿੰਘ ਸਿੱਧੂ ਨੇ ਕਿਹਾ ਕਿ ਸੰਗਰੂਰ ਜ਼ਿਮਨੀ ਚੋਣ ਵਿੱਚ ਸਿਮਰਨਜੀਤ ਸਿੰਘ ਮਾਨ ਸਭ ਤੋਂ ਵੱਧ ਪੜ੍ਹੇ ਲਿਖੇ ਉਮੀਦਵਾਰ ਹਨ। ਉਨ੍ਹਾਂ ਦੱਸਿਆ ਕਿ ਮਾਨ ਨੇ ਸਾਲ 1999 ’ਚ ਬਤੌਰ ਸੰਸਦ ਮੈਂਬਰ ਹੁੰਦਿਆਂ ਗਊਸ਼ਾਲਾਵਾਂ ਨੂੰ ਸਲਾਨਾ ਗ੍ਰਾਂਟ ਦਿਵਾਉਣ ਲਈ ਬਿੱਲ ਲਿਆਂਦਾ ਸੀ। ਇਸੇ ਤਰ੍ਹਾਂ ਸ੍ਰੀ ਮਾਨ ਨੇ ਸੰਸਦ ਮੈਂਬਰ ਹੁੰਦਿਆਂ ਸੰਗਰੂਰ ਲੋਕ ਸਭਾ ਹਲਕੇ ਲਈ ਕੇਂਦਰ ਤੋਂ 31 ਨਵੀਂ ਐਂਬੂਲੈਂਸਾਂ ਅਤੇ ਯੂਥ ਕਲੱਬਾਂ ਨੂੰ ਉਤਸ਼ਾਹਿਤ ਕਰਨ ਲਈ ਵੱਡਾ ਯੋਗਦਾਨ ਦਿੱਤਾ ਹੈ। ਉਨ੍ਹਾਂ ਲੋਕਾਂ ਨੂੰ ਸੰਗਰੂਰ ਜ਼ਿਮਨੀ ਚੋਣ ਵਿੱਚ ਸ੍ਰੀ ਮਾਨ ਦਾ ਸਮਰਥਨ ਕਰਨ ਦੀ ਅਪੀਲ ਕੀਤੀ।