ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਮਈ
ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਦਾ ਪਰਛਾਵਾਂ ਅਗਲੇ ਬਜਟ ਸੈਸ਼ਨ ’ਤੇ ਪੈਣ ਦੀ ਸੰਭਾਵਨਾ ਹੈ। ‘ਆਪ’ ਸਰਕਾਰ ਦੀ ਜੂਨ ਮਹੀਨੇ ’ਚ ਬਜਟ ਸੈਸ਼ਨ ਸੱਦਣ ਦੀ ਤਜਵੀਜ਼ ਸੀ ਪਰ ਸੰਗਰੂਰ ਦੀ ਜ਼ਿਮਨੀ ਚੋਣ ਕਾਰਨ ਹੁਣ ਬਜਟ ਸੈਸ਼ਨ ’ਚ ਥੋੜ੍ਹੀ ਤਬਦੀਲੀ ਦੀ ਗੁੰਜਾਇਸ਼ ਬਣ ਗਈ ਹੈ। ਚੋਣ ਕਮਿਸ਼ਨ ਨੇ ਬੀਤੇ ਦਿਨ ਸੰਗਰੂਰ ਹਲਕੇ ਦੀ ਜ਼ਿਮਨੀ ਚੋਣ ਐਲਾਨ ਦਿੱਤੀ ਹੈ, ਜਿਸ ਅਨੁਸਾਰ ਸੰਗਰੂਰ ਹਲਕੇ ਵਿੱਚ ਵੋਟਾਂ 23 ਜੂਨ ਨੂੰ ਪੈਣਗੀਆਂ। ਭਗਵੰਤ ਮਾਨ ਦੇ ਅਸਤੀਫ਼ੇ ਮਗਰੋਂ ਸੰਗਰੂਰ ਸੰਸਦੀ ਸੀਟ ਖ਼ਾਲੀ ਹੋ ਗਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਮਨੀ ਚੋਣ ਕਾਰਨ ‘ਆਪ’ ਸਰਕਾਰ ਬਜਟ ਸੈਸ਼ਨ ਦੌਰਾਨ ਕੋਈ ਲੋਕ-ਲੁਭਾਊ ਐਲਾਨ ਨਹੀਂ ਕਰ ਸਕਦੀ ਹੈ, ਜਿਸ ਨਾਲ ਚੋਣ ਜ਼ਾਬਤੇ ਦੀ ਉਲੰਘਣਾ ਹੁੰਦੀ ਹੋਵੇ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਪਹਿਲਾਂ 10 ਤੋਂ 21 ਜੂਨ ਤੱਕ ਬਜਟ ਸੈਸ਼ਨ ਬੁਲਾਏ ਜਾਣ ਦੇ ਰੌਂਅ ਵਿੱਚ ਸੀ। ਹੁਣ ਜਦੋਂ ਜ਼ਿਮਨੀ ਚੋਣ ਐਲਾਨ ਦਿੱਤੀ ਗਈ ਹੈ ਤਾਂ ਬਜਟ ਪਾਸ ਕਰਨ ਦਾ ਦਿਨ 23 ਜੂਨ ਤੋਂ ਮਗਰੋਂ ਰੱਖੇ ਜਾਣ ਦੀ ਸੰਭਾਵਨਾ ਹੈ। ਬਜਟ ਸੈਸ਼ਨ ਬਾਰੇ ਫ਼ੈਸਲਾ 30 ਮਈ ਲਈ ਤਜਵੀਜ਼ਤ ਪੰਜਾਬ ਕੈਬਨਿਟ ਦੀ ਮੀਟਿੰਗ ’ਚ ਲਿਆ ਜਾਵੇਗਾ। ਉਂਜ ਕਾਇਦੇ ਨਾਲ ਪਹਿਲੀ ਜੁਲਾਈ ਤੋਂ ਪਹਿਲਾਂ ਬਜਟ ਪਾਸ ਹੋਣਾ ਲਾਜ਼ਮੀ ਹੈ। ਬਜਟ ਸੈਸ਼ਨ ਜੇਕਰ ਜ਼ਿਮਨੀ ਚੋਣ ਤੋਂ ਪਹਿਲਾਂ ਸ਼ੁਰੂ ਹੋਇਆ ਤਾਂ ਚੋਣ ਪ੍ਰਚਾਰ ’ਚ ਰੁੱਝੇ ਹੋਣ ਕਾਰਨ ਵਿਧਾਇਕਾਂ ਦੀ ਹਾਜ਼ਰੀ ਘੱਟ ਸਕਦੀ ਹੈ।
ਬਜਟ ਸੈਸ਼ਨ ਬਾਰੇ ਵਿਚਾਰ ਕੀਤਾ ਜਾ ਰਿਹੈ: ਸਪੀਕਰ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਬਜਟ ਸੈਸ਼ਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ, ਕਿਉਂਕਿ ਸੰਗਰੂਰ ਦੀ ਜ਼ਿਮਨੀ ਚੋਣ ਕਾਰਨ ਜ਼ਾਬਤਾ ਲੱਗ ਚੁੱਕਾ ਹੈ। ਸੂਤਰ ਆਖਦੇ ਹਨ ਕਿ ‘ਆਪ’ ਸਰਕਾਰ ਨਵੇਂ ਵਿੱਤੀ ਬੋਝ ਤੋਂ ਬਚਣ ਲਈ ਜ਼ਿਮਨੀ ਚੋਣ ਦੇ ਜ਼ਾਬਤੇ ਬਹਾਨੇ ਨਵੇਂ ਐਲਾਨ ਜਾਂ ਪੁਰਾਣੇ ਐਲਾਨਾਂ ਨੂੰ ਹਕੀਕੀ ਜਾਮਾ ਪਾਉਣ ਤੋਂ ਪਾਸਾ ਵੱਟ ਸਕਦੀ ਹੈ।
ਤਿੰਨ ਜ਼ਿਲ੍ਹਿਆਂ ’ਚ ਚੋਣ ਜ਼ਾਬਤਾ ਲਾਗੂ
ਸੰਗਰੂਰ ਦੀ ਜ਼ਿਮਨੀ ਚੋਣ ਕਾਰਨ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿੱਚ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ| ਸੰਗਰੂਰ ਲੋਕ ਸਭਾ ਹਲਕੇ ਵਿੱਚ ਪੈਂਦੇ ਜ਼ਿਲ੍ਹਾ ਸੰਗਰੂਰ, ਬਰਨਾਲਾ ਅਤੇ ਮਾਲੇਰਕੋਟਲਾ ਲਈ ਹੁਣ ਕੋਈ ਵਿਸ਼ੇਸ਼ ਐਲਾਨ ਨਹੀਂ ਹੋ ਸਕੇਗਾ। ਇਨ੍ਹਾਂ ਜ਼ਿਲ੍ਹਿਆਂ ਵਿੱਚ ਹੁਣ ਨਵੇਂ ਤਬਾਦਲੇ ਜਾਂ ਤਾਇਨਾਤੀਆਂ ਵੀ ਨਹੀਂ ਹੋ ਸਕਣਗੀਆਂ।