ਪੱਤਰ ਪ੍ਰੇਰਕ
ਮਮਦੋਟ, 7 ਅਗਸਤ
ਮਮਦੋਟ ਵਿੱਚ ਇੱਕ ਪੈਟਰੋਲ ਪੰਪ ’ਤੇ ਪਾਣੀ ਪੀਣ ਆਏ ਤਿੰਨ ਨੌਜਵਾਨਾਂ ’ਤੇ ਉਥੇ ਤਾਇਨਾਤ ਸੁਰੱਖਿਆ ਗਾਰਡ ਨੇ ਗੋਲੀਆਂ ਚਲਾ ਦਿੱਤੀਆਂ। ਥਾਣਾ ਮਮਦੋਟ ਦੀ ਪੁਲੀਸ ਵੱਲੋਂ ਉਕਤ ਸੁਰੱਖਿਆ ਗਾਰਡ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੂੰ ਜਗਸੀਰ ਸਿੰਘ ਪੁੱਤਰ ਹਰਦੀਪ ਸਿੰਘ ਪਿੰਡ ਚੱਕ ਰਾਓ ਕੇ ਹਿਠਾੜ ਨੇ ਦੱਸਿਆ ਕਿ ਉਹ ਆਪਣੇ ਭਤੀਜਿਆਂ ਜਸਕਰਨਪ੍ਰੀਤ ਸਿੰਘ ਤੇ ਮਹਿਕਦੀਪ ਨਾਲ ਆਪਣੇ ਭਾਣਜੇ ਪ੍ਰਿੰਸਜੀਤ ਸਿੰਘ ਨੂੰ ਘਰ ਛੱਡਣ ਜਾ ਰਿਹਾ ਸੀ, ਜਦੋਂ ਰਾਹ ਵਿੱਚ ਬਿਜਲੀ ਘਰ ਨੇੜੇ ਪੈਟਰੋਲ ਪੰਪ ਮਮਦੋਟ ਮੋਟਰਜ਼ ਨੇੜੇ ਮੇਲੇ ਸਬੰਧੀ ਲੰਗਰ ਲੱਗਿਆ ਹੋਇਆ ਸੀ। ਇਥੇ ਲੰਗਰ ਛਕਣ ਮਗਰੋਂ ਮਹਿਕਦੀਪ ਪੈਟਰੋਲ ਪੰਪ ’ਤੇ ਪਾਣੀ ਪੀਣ ਚਲਾ ਗਿਆ। ਪੰਪ ’ਤੇ ਤਾਇਨਾਤ ਸੁਰੱਖਿਆ ਗਾਰਡ ਜਗਤਾਰ ਸਿੰਘ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਕਿ ਜੇਕਰ ਉਹ ਮੁੜ ਪਾਣੀ ਪੀਣ ਆਏ ਤਾਂ ਉਹ ਗੋਲੀ ਮਾਰ ਦੇਵੇਗਾ। ਜਦੋਂ ਉਹ ਉੱਥੋਂ ਮੁੜਨ ਲੱਗੇ ਤਾਂ ਜਗਤਾਰ ਸਿੰਘ ਨੇ ਉਨ੍ਹਾਂ ’ਤੇ ਦੋ ਫਾਇਰ ਕਰ ਦਿੱਤੇ, ਜਿਸ ਕਾਰਨ ਤਿੰਨੇ ਨੌਜਵਾਨ ਜ਼ਖ਼ਮੀ ਹੋ ਗਏ। ਜਾਂਚ ਅਧਿਕਾਰੀ ਨੇ ਦੱਸਿਆ ਕਿ ਜਗਤਾਰ ਸਿੰਘ ਖ਼ਿਲਾਫ਼ ਕੇਸ ਕੀਤਾ ਗਿਆ ਹੈ।