ਜੋਗਿੰਦਰ ਸਿੰਘ ਮਾਨ
ਮਾਨਸਾ, 16 ਜੁਲਾਈ
ਬਣਾਂਵਾਲਾ ਵਿੱਚ ਨਿੱਜੀ ਭਾਈਵਾਲੀ ਤਹਿਤ ਲੱਗੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਤਾਪ ਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀਐੱਸਪੀਐੱਲ) ਦਾ ਯੂਨਿਟ ਨੰਬਰ-1 ਚਾਲੂ ਕਰਨ ਲਈ ਪ੍ਰਬੰਧਕਾਂ ਦੇ ਸਾਰੇ ਯਤਨ ਫੇਲ੍ਹ ਹੋ ਗਏ ਹਨ। ਭਾਵੇਂ ਤਾਪ ਘਰ ਵੱਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਇਸ ਯੂਨਿਟ ਦੇ 12 ਜੁਲਾਈ ਤੱਕ ਚਾਲੂ ਹੋਣ ਦਾ ਲਿਖਤੀ ਪੱਤਰ ਭੇਜਿਆ ਗਿਆ ਸੀ ਪਰ ਇਸ ਦੀ ਟਰਬਾਈਨ ਵਿੱਚ ਅਜਿਹਾ ਨੁਕਸ ਪਿਆ ਹੈ ਕਿ ਇਸ ਨੂੰ ਚਲਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਫੇਲ੍ਹ ਹੋ ਗਈਆਂ ਹਨ। ਦੋ ਵਾਰ ਲਾਈਨ ਅੱਪ ਕਰਨ ਦੇ ਬਾਵਜੂਦ ਜਦੋਂ ਉਤਪਾਦਨ ਆਰੰਭ ਨਾ ਹੋ ਸਕਿਆ ਤਾਂ ਟਰਬਾਈਨ ਵਿਚਲਾ ਨੁਕਸ ਦੂਰ ਕਰਨ ਲਈ ਹੁਣ ਸਾਰੇ ਯੂਨਿਟ ਨਵੇਂ ਸਿਰੇ ਤੋਂ ਖੋਲ੍ਹ ਕੇ ਚਲਾਉਣ ਦੇ ਯਤਨ ਆਰੰਭ ਹੋਏ ਹਨ, ਜਿਸ ਕਰਕੇ ਅਗਲੇ ਦੋ-ਤਿੰਨ ਦਿਨ ਇਹ ਯੂਨਿਟ ਚੱਲਣ ਦੀ ਕੋਈ ਉਮੀਦ ਨਹੀਂ।
ਤੀਸਰਾ ਯੂਨਿਟ ਮਹੀਨੇ ਦੇ ਅੰਤ ਤੱਕ ਚੱਲਣ ਦੀ ਉਮੀਦ
ਤਾਪ ਘਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਚਾਲੂ ਹੋਏ ਇੱਕ ਯੂਨਿਟ ਵੱਲੋਂ 606 ਮੈਗਾਵਾਟ ਬਿਜਲੀ ਉਤਪਾਦਨ ਉਤਰੀ ਗਰਿੱਡ ਨੂੰ ਦਿੱਤੀ ਜਾ ਰਹੀ ਹੈ। ਤੀਸਰਾ ਯੂਨਿਟ ਵੀ ਇਸੇ ਮਹੀਨੇ ਦੇ ਅੰਤ ਤੱਕ ਚਾਲੂ ਹੋ ਜਾਵੇਗਾ, ਜਿਸ ਲਈ ਵਿਦੇਸ਼ ’ਚੋਂ ਮਸ਼ੀਨਰੀ ਪੁਹੰਚ ਗਈ ਹੈ।