ਲਖਵੀਰ ਸਿੰਘ ਚੀਮਾ
ਟੱਲੇਵਾਲ, 29 ਅਗਸਤ
ਬਰਨਾਲਾ ਦੇ ਪਿੰਡ ਬੀਹਲਾ ਖ਼ੁਰਦ ਵਿਚ 15 ਸਾਲ ਪਹਿਲਾਂ ਦੇਸ਼ ਲਈ ਸ਼ਹੀਦ ਹੋਏ ਫ਼ੌਜੀ ਜਵਾਨ ਦੇ ਨਾਂ ਦਾ ਅਪਮਾਨ ਕੀਤਾ ਜਾ ਰਿਹਾ ਹੈ। ਬੀਹਲਾ ਖ਼ੁਰਦ ਦਾ ਕੁਲਦੀਪ ਸਿੰਘ 2005 ਵਿੱਚ ਜੰਮੂ ਕਸ਼ਮੀਰ ਦੇ ਬਾਰਾਮੁੱਲਾ ਇਲਾਕੇ ’ਚ ਸ਼ਹੀਦ ਹੋ ਗਿਆ ਸੀ। ਸ਼ਹੀਦ ਦੇ ਸ਼ਰਧਾਂਜਲੀ ਸਮਾਗਮ ਮੌਕੇ ਸਰਕਾਰ ਨੇ ਉਸ ਦੇ ਨਾਂ ’ਤੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦਾ ਨਾਂ ਰੱਖ ਦਿੱਤਾ ਸੀ ਪਰ ਕਰੀਬ 4 ਸਾਲ ਪਹਿਲਾਂ ਇਸ ਸਕੂਲ ਨੂੰ ਵਿਭਾਗ ਵਲੋਂ ਬੰਦ ਕਰ ਦਿੱਤਾ ਗਿਆ। ਸਕੂਲ ਦੀ ਇਮਾਰਤ ਖੰਡਰ ਬਣਦੀ ਜਾ ਰਹੀ ਹੈ ਤੇ ਲਾਂਸ ਨਾਇਕ ਸ਼ਹੀਦ ਕੁਲਦੀਪ ਸਿੰਘ ਦੇ ਨਾਂ ਦਾ ਮੁੱਖ ਗੇਟ ’ਤੇ ਲੱਗਿਆ ਬੋਰਡ ਸ਼ਹੀਦ ਦੇ ਪਰਿਵਾਰ ਅਤੇ ਪਿੰਡ ਵਾਸੀਆਂ ਦਾ ਮੂੰਹ ਚਿੜਾ ਰਿਹਾ ਹੈ। ਪਿੰਡ ਵਾਸੀ ਅਤੇ ਪਰਿਵਾਰ ਇਸ ਨੂੰ ਸ਼ਹੀਦ ਦਾ ਨਿਰਾਦਰ ਕਰਨ ਦੇ ਬਰਾਬਰ ਸਮਝ ਰਹੇ ਹਨ।
ਸ਼ਹੀਦ ਦੇ ਪਿਤਾ ਗਿਆਨ ਸਿੰਘ ਤੇ ਚਾਚਾ ਰਣਜੀਤ ਸਿੰਘ ਨੇ ਦੱਸਿਆ ਕਿ ਕੁਲਦੀਪ ਨੇ ਦੇਸ਼ ਲਈ ਆਪਣੀ ਜਾਨ ਵਾਰ ਦਿੱਤੀ। ਸਰਕਾਰ ਨੇ ਭਾਵੇਂ ਉਸ ਦੀ ਸ਼ਹੀਦੀ ਮੌਕੇ ਮਾਣ ਜ਼ਰੂਰ ਬਖ਼ਸ਼ਿਆ, ਪਰ ਹੁਣ ਉਸ ਦੇ ਨਾਮ ’ਤੇ ਚੱਲ ਰਹੇ ਸਰਕਾਰੀ ਸਕੂਲ ਨੂੰ ਬੰਦ ਕਰ ਕੇ ਉਸ ਦਾ ਨਿਰਾਦਰ ਕੀਤਾ ਜਾ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਇਸ ਸਕੂਲ ਨੂੰ ਮੁੜ ਚਾਲੂ ਕੀਤਾ ਜਾਵੇ।
ਪਿੰਡ ਵਾਸੀ ਪ੍ਰੀਤਮ ਸਿੰਘ ਨੇ ਦੱਸਿਆ ਕਿ ਸਕੂਲ ’ਚ ਬੱਚੇ ਅਤੇ ਅਧਿਆਪਕਾਂ ਦੀ ਘਾਟ ਦਾ ਬਹਾਨਾ ਬਣਾ ਕੇ ਸਕੂਲ ਨੂੰ ਬੰਦ ਕਰ ਦਿੱਤਾ ਹੈ। ਪਿੰਡ ਦੇ ਬੱਚੇ ਹੋਰ ਪਿੰਡਾਂ ’ਚ ਪੜ੍ਹਨ ਜਾ ਰਹੇ ਹਨ।
ਬੱਚਿਆਂ ਦੀ ਘਾਟ ਕਰ ਕੇ ਸਕੂਲ ਬੰਦ ਕੀਤਾ: ਡੀਈਓ
ਡੀਈਓ (ਪ੍ਰਾਇਮਰੀ) ਮਨਿੰਦਰ ਕੌਰ ਨੇ ਕਿਹਾ ਕਿ ਬੀਹਲਾ ਖ਼ੁਰਦ ਦੇ ਸਕੂਲ ’ਚ ਬੱਚਿਆਂ ਦੀ ਗਿਣਤੀ ਘੱਟ ਹੋਣ ਕਾਰਨ ਸਕੂਲ ਬੰਦ ਹੋਇਆ ਹੈ। ਉਨ੍ਹਾਂ ਕਿਹਾ ਕਿ ਘੱਟੋ-ਘੱਟ 25 ਬੱਚਿਆਂ ਦੇ ਦਾਖ਼ਲ ਹੋਣ ’ਤੇ ਸਕੂਲ ਖੋਲ੍ਹਿਆ ਜਾ ਸਕਦਾ ਹੈ।