ਪੱਤਰ ਪ੍ਰੇਰਕ
ਚੰਡੀਗੜ੍ਹ, 6 ਜੁਲਾਈ
ਪੀਜੀਆਈ ਚੰਡੀਗੜ੍ਹ ’ਚ ਜਨਰਲ ਸ਼੍ਰੇਣੀ ਨਾਲ ਸਬੰਧਤ ਕੁਝ ਕਰਮਚਾਰੀਆਂ ਵੱਲੋਂ ਕਥਿਤ ਕੀਤੀਆਂ ਜਾ ਰਹੀਆਂ ਰਾਖਵਾਂਕਰਨ ਵਿਰੋਧੀ ਗਤੀਵਿਧੀਆਂ ਬਾਰੇ ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲਡ ਕਾਸਟਸ ਨੇ ਐੱਸਐੱਸਪੀ ਚੰਡੀਗੜ੍ਹ ਨੂੰ ਇੱਕ ਨੋਟਿਸ ਭੇਜ ਕੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਸਿਫਾਰਸ਼ ਕੀਤੀ ਹੈ। ਕਮਿਸ਼ਨ ਵੱਲੋਂ ਇਹੀ ਨੋਟਿਸ ਕੇਂਦਰੀ ਸਿਹਤ ਸਕੱਤਰ ਨਵੀਂ ਦਿੱਲੀ, ਡਾਇਰੈਕਟਰ ਪੀਜੀਆਈ ਨੂੰ ਵੀ ਭੇਜਿਆ ਗਿਆ ਹੈ। ਸ਼ਿਕਾਇਤਕਰਤਾ ਪੀਜੀਆਈ ਐਂਪਲਾਈਜ਼ ਯੂਨੀਅਨ (ਨਾਨ ਫੈਕਲਟੀ) ਚੰਡੀਗੜ੍ਹ ਦੇ ਪ੍ਰਧਾਨ ਹਰਭਜਨ ਸਿੰਘ ਭੱਟੀ ਨੇ ਦੱਸਿਆ ਕਿ ਪੀਜੀਆਈ ਵਿੱਚ ਜਨਰਲ ਸ਼੍ਰੇਣੀ ਦੇ ਕੁਝ ਕਰਮਚਾਰੀਆਂ ਵੱਲੋਂ ਜਥੇਬੰਦੀ ਬਣਾ ਕੇ ਐੱਸਸੀ/ਐੱਸਟੀ ਸ਼੍ਰੇਣੀ ਦੇ ਕਰਮਚਾਰੀਆਂ ਨੂੰ ਮਿਲਣ ਵਾਲੀਆਂ ਤਰੱਕੀਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਜੋ ਸੰਵਿਧਾਨ ਅਤੇ ਐੱਸਸੀ/ਐੱਸਟੀ ਐਕਟ ਦੀ ਕਥਿਤ ਉਲੰਘਣਾ ਹੈ।