ਨਵੀਂ ਦਿੱਲੀ, (ਪੱਤਰ ਪ੍ਰੇਰਕ); ਸਿੱਖਾਂ ਦੀ ਦੂਜੀ ਵੱਡੀ ਧਾਰਮਿਕ ਸੰਸਥਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵੱਲੋਂ ਵੀ ਆਪਣੇ ਪ੍ਰਚਾਰ ਦੌਰਾਨ ਗੁਰਮੁਖੀ ਲਿੱਪੀ ਦੀ ਥਾਂ ਦੇਵਨਾਗਰੀ ਲਿੱਪੀ ਰਾਹੀਂ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਪਾਰਟੀ ਨੇ ਵਸੰਤ ਵਿਹਾਰ ਕੋਲੋਂ ਲੰਘਦੀ ਬਾਹਰੀ ਰੋਡ ਉਪਰ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਚੋਣ ਨਿਸ਼ਾਨ ਸਮੇਤ ਗੁਰੂ ਗੋਬਿੰਦ ਸਿੰਘ ਦੀ ਰਚਿਤ ਪੰਕਤੀ ‘ਸ਼ੁੱਭ ਕਰਮਨ ਤੇ ਕਬਹੂੰ ਨ ਟਰੋਂ’ ਦਾ ਦੇਵਨਾਗਰੀ ਵਿੱਚ ਲਿਖਿਆ ਵੱਡਾ ਬੋਰਡ ਲਾਇਆ ਹੋਇਆ ਹੈ। ਕੰਪਿਊਟਰ ਨਾਲ ਬਣਾਏ ਇਸ ਬੋਰਡ ਉਪਰੋਂ ਵੀ ਗੁਰਮੁਖੀ ਲਿੱਪੀ ਗਾਇਬ ਹੈ। ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜੋ ਪੰਜਾਬੀ ਨਹੀਂ ਜਾਣਦੇ ਉਨ੍ਹਾਂ ਲਈ ਹਿੰਦੀ ਵਾਲੀ ਲਿੱਪੀ ’ਚ ਲਿਖਿਆ ਗਿਆ ਹੈ। ਸਾਬਕਾ ਜਥੇਦਾਰ ਰਣਜੀਤ ਸਿੰਘ ਨੇ ਕਿਹਾ ਕਿ ਆਗੂਆਂ ਦੀਆਂ ਕਮਜ਼ੋਰੀਆਂ ਕਾਰਨ ਗੁਰਮੁਖੀ ਵਿਚ ਪ੍ਰਚਾਰ ਨਹੀਂ ਹੋ ਰਿਹਾ।