ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 6 ਮਈ
ਸਰਬੱਤ ਦਾ ਭਲਾ ਟਰੱਸਟ ਨੇ ਕਰੋਨਾ ਮਹਾਮਾਰੀ ਦੌਰਾਨ ਪ੍ਰਭਾਵਿਤ ਹੋਏ ਲੋੜਵੰਦ ਪਰਿਵਾਰਾਂ ਦੀ ਮਦਦ ਮਗਰੋਂ ਹੁਣ ਅਫ਼ਗਾਨਿਸਤਾਨ ਤੋਂ ਉੱਜੜ ਕੇ ਭਾਰਤ ਆਏ ਲਗਪਗ 20 ਹਜ਼ਾਰ ਸ਼ਰਨਾਰਥੀਆਂ ਨੂੰ ਤਿੰਨ ਮਹੀਨਿਆਂ ਲਈ ਸੁੱਕਾ ਰਾਸ਼ਨ ਅਤੇ ਸਿਹਤ ਸੇਵਾਵਾਂ ਨਾਲ ਸਬੰਧਤ ਸਾਮਾਨ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਜਾਣਕਾਰੀ ਟਰੱਸਟ ਦੇ ਮੁਖੀ ਡਾ. ਐੱਸਪੀ ਸਿੰਘ ਓਬਰਾਏ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਅਫ਼ਗਾਨਿਸਤਾਨ ਦੇ ਸਫਾਰਤਖਾਨੇ ਦੇ ਅਧਿਕਾਰੀਆਂ ਵਲੋਂ ਸੰਪਰਕ ਕਰਕੇ ਜਾਣੂ ਕਰਵਾਇਆ ਗਿਆ ਸੀ ਕਿ ਅਫ਼ਗ਼ਾਨਿਸਤਾਨ ਤੋਂ ਉੱਜੜ ਕੇ ਭਾਰਤ ਆਏ ਇਨ੍ਹਾਂ ਸ਼ਰਨਾਰਥੀਆਂ ਦੀ ਕਰੋਨਾ ਮਹਾਮਾਰੀ ਕਾਰਨ ਪੈਦਾ ਹੋਏ ਹਾਲਾਤ ’ਚ ਤਰਸਯੋਗ ਹਾਲਤ ਬਣੀ ਹੋਈ ਹੈ, ਜਿਸ ਦੇ ਮੱਦੇਨਜ਼ਰ ਟਰੱਸਟ ਨੇ ਸਾਰੇ ਸ਼ਰਨਾਰਥੀਆਂ ਨੂੰ ਤਿੰਨ ਮਹੀਨੇ ਦਾ ਸੁੱਕਾ ਰਾਸ਼ਨ ਅਤੇ ਲੋੜੀਂਦਾ ਮੈਡੀਕਲ ਸਾਮਾਨ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਅੱਜ ਅਫ਼ਗਾਨਿਸਤਾਨ ਦੇ ਸਫੀਰ ਫ਼ਰੀਦ ਮਾਮੰਦਜ਼ਈ ਨਾਲ ਜੂਮ ਮੀਟਿੰਗ ਵੀ ਹੋਈ ਹੈ। ਉਨ੍ਹਾਂ ਦੱਸਿਆ ਕਿ ਸਫੀਰ ਨੂੰ ਜਾਣੂ ਕਰਾਇਆ ਹੈ ਕਿ ਸਰਬੱਤ ਦਾ ਭਲਾ ਟਰੱਸਟ ਵੱਲੋਂ ਦਿੱਲੀ, ਪੂਨਾ, ਹੈਦਰਾਬਾਦ ਅਤੇ ਕਲਕੱਤਾ ਆਦਿ ਸ਼ਹਿਰਾਂ ’ਚ ਰਹਿ ਰਹੇ ਸਾਰੇ ਸ਼ਰਨਾਰਥੀਆਂ ਨੂੰ ਹਰ ਮਹੀਨੇ 30 ਕਿੱਲੋ ਸੁੱਕਾ ਰਾਸ਼ਨ ਦਿੱਤਾ ਜਾਵੇਗਾ। ਰਾਸ਼ਨ ਦੀ ਇੱਕ ਕਿੱਟ ’ਚ 15 ਕਿੱਲੋ ਆਟਾ, 5 ਕਿੱਲੋ ਚਾਵਲ, 3 ਕਿੱਲੋ ਦਾਲ, 3 ਕਿਲੋ ਖੰਡ, 2 ਕਿੱਲੋ ਨਿਊਟਰੀ ਅਤੇ 2 ਲਿਟਰ ਖਾਣਾ ਬਣਾਉਣ ਵਾਲਾ ਤੇਲ ਸ਼ਾਮਲ ਹੋਵੇਗਾ। ਰਾਸ਼ਨ ਤੋਂ ਇਲਾਵਾ ਮੈਡੀਕਲ ਸਾਮਾਨ ’ਤੇ ਟਰੱਸਟ ਦਾ ਲਗਪਗ 2 ਕਰੋੜ ਰੁਪਏ ਖਰਚ ਆਵੇਗਾ। ਉਨ੍ਹਾਂ ਦੱਸਿਆ ਕਿ ਪਹਿਲੇ ਮਹੀਨੇ ਦਾ ਰਾਸ਼ਨ ਈਦ ਤੋਂ ਪਹਿਲਾਂ ਸ਼ਰਨਾਰਥੀਆਂ ਕੋਲ ਪਹੁੰਚ ਜਾਵੇਗਾ।