ਪੱਤਰ ਪ੍ਰੇਰਕ
ਅਮਲੋਹ, 19 ਜਨਵਰੀ
ਆਮ ਆਦਮੀ ਪਾਰਟੀ ਦੇ ਹਲਕਾ ਅਮਲੋਹ ਤੋਂ ਉਮੀਦਵਾਰ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਅੱਜ ਆਪਣੇ ਚੋਣ ਪ੍ਰਚਾਰ ਦੌਰਾਨ ਈਡੀ ਵਲੋਂ ਰੇਤ ਮਾਫ਼ੀਆ ਖ਼ਿਲਾਫ਼ ਕੀਤੀ ਕਾਰਵਾਈ ਨੂੰ ਮੁੱਖ ਮੁੱਦਾ ਰੱਖਦਿਆਂ ਕਿਹਾ ਕਿ ਈਡੀ ਦੀ ਕਾਰਵਾਈ ਨੇ ਸਾਬਤ ਕਰ ਦਿੱਤਾ ਹੈ ਕਿ ਰੇਤ ਮਾਫ਼ੀਆ ਨੂੰ ਖਤਮ ਕਰਨ ਦੇ ਦਮਗਜ਼ੇ ਮਾਰਨ ਵਾਲੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ ਹੀ ਇਸ ਲਈ ਸਿੱਧੇ ਜ਼ਿੰਮੇਵਾਰ ਹਨ।
‘ਆਪ’ ਆਗੂ ਨੇ ਕਿਹਾ ਕਿ ਸ੍ਰੀ ਚੰਨੀ ਨੇ ਆਪਣੇ 111 ਦਿਨ ਦੇ ਕਾਰਜਕਾਲ ਵਿੱਚ ਮਾਫੀਆ ਤੋਂ ਕਥਿਤ ਇੰਨੀ ਵੱਡੀ ਰਕਮ ਇਕੱਠੀ ਕਰ ਲਈ ਹੈ ਤਾਂ ਪਿਛਲੇ 5 ਸਾਲਾਂ ਵਿੱਚ ਤਾਂ ਹਜ਼ਾਰਾਂ ਕਰੋੜਾਂ ਦਾ ਖ਼ਜ਼ਾਨਾ ਕਾਂਗਰਸੀ ਵਿਧਾਇਕਾਂ ਦੀ ਜੇਬ ਵਿੱਚ ਗਿਆ ਹੋਵੇਗਾ। ਬੜਿੰਗ ਮੁਤਾਬਕ ਸੂਬੇ ਵਿੱਚ ਕਥਿਤ ਤੌਰ ’ਤੇ ਰੇਤ ਦੀ ਸਭ ਤੋਂ ਵੱਡੀ ਚੋਰੀ ਮੁੱਖ ਮੰਤਰੀ ਚੰਨੀ ਦੇ ਹਲਕੇ ਵਿੱਚ ਚੱਲ ਰਹੀ ਹੈ, ਜਿਸਦਾ ‘ਆਪ’ ਵਲੋਂ ਖੁਲਾਸਾ ਵੀ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ‘ਆਪ’ ਦੀ ਸਰਕਾਰ ਆਉਣ ’ਤੇ ਮਾਫੀਆ ਰਾਜ ਖ਼ਤਮ ਕੀਤਾ ਜਾਵੇਗਾ।