ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 21 ਫਰਵਰੀ
ਸਾਕਾ ਨਨਕਾਣਾ ਸਾਹਿਬ ਸ਼ਤਾਬਦੀ ਸਮਾਗਮ ਅੱਜ ਪਾਕਿਸਤਾਨ ਸਥਿਤ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਮਨਾਇਆ ਗਿਆ, ਜਿਸ ਵਿੱਚ ਸਥਾਨਕ ਤੇ ਦੂਰ ਦੁਰਾਡਿਓਂ ਪਹੁੰਚੀ ਸੰਗਤ ਨੇ ਭਰਵੀਂ ਸ਼ਮੂਲੀਅਤ ਕਰ ਕੇ ਸ਼ਹੀਦਾਂ ਨੂੰ ਯਾਦ ਕੀਤਾ। ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਮਾਗਮ ’ਚ ‘ਜ਼ੂਮ’ ਰਾਹੀਂ ਹਾਜ਼ਰੀ ਲਵਾਈ। ਚੇਤੇ ਰਹੇ ਕਿ ਕੇਂਦਰ ਸਰਕਾਰ ਵੱਲੋਂ ਐਨ ਆਖਰੀ ਮੌਕੇ ਹਰੀ ਝੰਡੀ ਨਾ ਦਿੱਤੇ ਜਾਣ ਕਰਕੇ ਭਾਰਤੀ ਸਿੱਖ ਸ਼ਰਧਾਲੂਆਂ ਦਾ ਜਥਾ ਇਨ੍ਹਾਂ ਸ਼ਤਾਬਦੀ ਸਮਾਗਮਾਂ ਵਿੱਚ ਸ਼ਾਮਲ ਨਹੀਂ ਹੋ ਸਕਿਆ। ਭਾਰਤ ਤੇ ਪਾਕਿਸਤਾਨ ਵਿਖੇ ਹੋਏ ਸ਼ਤਾਬਦੀ ਸਮਾਗਮਾਂ ਦੌਰਾਨ ਮੋਦੀ ਸਰਕਾਰ ਦੇ ਇਸ ਫੈਸਲੇ ਦੀ ਨਿਖੇਧੀ ਕੀਤੀ ਗਈ ਹੈ। ਗੁਰਦੁਆਰਾ ਪ੍ਰਕਾਸ਼ ਅਸਥਾਨ ਨਨਕਾਣਾ ਸਾਹਿਬ ਵਿਖੇ ਸ਼ਤਾਬਦੀ ਸਮਾਗਮਾਂ ਦੇ ਸਬੰਧ ਵਿਚ ਰੱਖੇ ਗਏ ਅਖੰਡ ਪਾਠ ਦੇ ਅੱਜ ਸਵੇਰੇ ਭੋਗ ਪਾਏ ਗਏ, ਜਿਸ ਵਿਚ ਨਨਕਾਣਾ ਸਾਹਿਬ, ਪਿਸ਼ਾਵਰ, ਸਿੰਧ, ਸੱਖਰ ਤੇ ਹੋਰ ਥਾਵਾਂ ਤੋਂ ਪੁੱਜੀ ਸਿੱਖ ਸੰਗਤ ਨੇ ਸ਼ਮੂਲੀਅਤ ਕੀਤੀ। ਸਮਾਗਮ ਵਿੱਚ ਵੱਡੀ ਗਿਣਤੀ ਵਿਚ ਬੀਬੀਆਂ ਵੀ ਸ਼ਾਮਲ ਸਨ। ਪਾਕਿਸਤਾਨ ਸਰਕਾਰ ਦੇ ਫੈਡਰਲ ਮੰਤਰੀ ਬ੍ਰਿਗੇਡੀਅਰ (ਸੇਵਾ ਮੁਕਤ) ਇਜਾਜ਼ ਸ਼ਾਹ ਅਤੇ ਹੋਰ ਸਥਾਨਕ ਆਗੂ ਵੀ ਸਮਾਗਮ ਵਿਚ ਸ਼ਾਮਲ ਹੋਏ। ਸਮਾਗਮ ਦੇ ਪ੍ਰਬੰਧ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਔਕਾਫ ਬੋਰਡ ਵਲੋਂ ਕੀਤੇ ਗਏ ਸਨ। ਇਸ ਮੌਕੇ ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਖਾਸ ਕਰਕੇ ਸਿੱਖ ਆਗੂਆਂ ਨੇ ਭਾਰਤ ਸਰਕਾਰ ਵਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਰੋਕੇ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਪੀਜੀਪੀਸੀ ਦੇ ਪ੍ਰਧਾਨ ਸਤਵੰਤ ਸਿੰਘ ਨੇ ਆਪਣੇ ਸੰਬੋਧਨ ’ਚ ਪਾਕਿਸਤਾਨ ਸਰਕਾਰ ਵੱਲੋਂ ਸ਼ਤਾਬਦੀ ਸਮਾਗਮਾਂ ਦੇ ਪ੍ਰਬੰਧਾਂ ਵਿਚ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।
‘ਜ਼ੂਮ’ ਐਪ ਰਾਹੀਂ ਸਮਾਗਮ ਨਾਲ ਜੁੜੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਾਕਿਸਤਾਨ ਵਿਖੇ ਸਿੱਖ ਸੰਗਤ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਸਾਕਾ ਨਨਕਾਣਾ ਸਾਹਿਬ ਦੇ ਇਤਿਹਾਸ ’ਤੇ ਚਾਨਣਾ ਪਾਇਆ ਅਤੇ ਉਸ ਵੇਲੇ ਦੇ ਹਾਲਾਤ ਨੂੰ ਸੰਗਤ ਦੇ ਸਾਹਮਣੇ ਰੱਖਿਆ। ਉਨ੍ਹਾਂ ਕਿਹਾ ਕਿ ਸਿੱਖ ਕੌਮ ਆਪਣੇ ਸ਼ਹੀਦਾਂ ਨੂੰ ਕਦੇ ਭੁਲ ਨਹੀਂ ਸਕਦੀ, ਜਿਨ੍ਹਾਂ ਨੇ ਆਪਣੀਆਂ ਸ਼ਹਾਦਤਾਂ ਨਾਲ ਸਿੱਖ ਕੌਮ ਦੀਆਂ ਨੀਹਾਂ ਨੂੰ ਮਜ਼ਬੂਤ ਕੀਤਾ ਹੈ। ਇਸ ਮੌਕੇ ਉਨ੍ਹਾਂ ਪਾਕਿਸਤਾਨ ਸਰਕਾਰ ਵਲੋਂ ਸ਼ਤਾਬਦੀ ਸਮਾਗਮਾਂ ਲਈ ਦਿੱਤੇ ਸਹਿਯੋਗ ਦੀ ਜਿੱਥੇ ਸ਼ਲਾਘਾ ਕੀਤੀ, ਉਥੇ ਭਾਰਤ ਸਰਕਾਰ ਵਲੋਂ ਸਿੱਖ ਸ਼ਰਧਾਲੂਆਂ ਦਾ ਜਥਾ ਰੋਕੇੇ ਜਾਣ ’ਤੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਸਿੱਖ ਕੌਮ ਆਪਣੇ ਸ਼ਹੀਦਾਂ ਦੀ ਯਾਦ ਵਿਚ ਹਰ ਵਰ੍ਹੇ ਇਹ ਦਿਹਾੜਾ ਮਨਾਉਂਦੀ ਰਹੇਗੀ।
ਪਾਕਿਸਤਾਨ ਵਿੱਚ ਮਨਾਏ ਗਏ ਸ਼ਤਾਬਦੀ ਸਮਾਗਮ ਵਿੱਚ ਪੀਜੀਪੀਸੀ ਦੇ ਪ੍ਰਧਾਨ ਸਤਵੰਤ ਸਿੰਘ, ਜਨਰਲ ਸਕੱਤਰ ਅਮੀਰ ਸਿੰਘ, ਮੈਂਬਰ ਡਾ. ਮਿਮਪਾਲ ਸਿੰਘ, ਐੱਮਪੀਏ ਮਹਿੰਦਰਪਾਲ ਸਿੰਘ, ਸਾਬਕਾ ਮੈਂਬਰ ਗੋਪਾਲ ਸਿੰਘ ਚਾਵਲਾ, ਡਾ. ਤਰਨਜੀਤ ਸਿੰਘ, ਈਟੀਪੀਬੀ ਦੇ ਵਧੀਕ ਸਕੱਤਰ ਤਾਰਿਕ ਵਜੀਰ, ਡਿਪਟੀ ਸਕੱਤਰ ਇਮਰਾਨ ਗੌਂਦਲ ਤੇ ਹੋਰ ਪਤਵੰਤਿਆਂ ਨੇ ਸ਼ਮੂਲੀਅਤ ਕੀਤੀ।
ਸ਼ਹੀਦਾਂ ਦੀ ਯਾਦ ’ਚ ਸਮਾਗਮ ਕਰਵਾਉਣ ਦੀ ਹਦਾਇਤ
ਅੰਮ੍ਰਿਤਸਰ (ਟਨਸ): ਅਕਾਲ ਤਖ਼ਤ ਤੋਂ ਕੌਮ ਦੇ ਨਾਂ ਜਾਰੀ ਸੰਦੇਸ਼ ਵਿੱਚ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਾਕੇ ਦੇ ਸ਼ਹੀਦਾਂ ਦੀ ਯਾਦ ਵਿੱਚ ਕੌਮ ਲਈ ਪ੍ਰੋਗਰਾਮ ਦਾ ਐਲਾਨ ਕੀਤਾ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਦੇ ਸਮੂਹ ਮੈਂਬਰਾਂ, ਤਖਤ ਸ੍ਰੀ ਪਟਨਾ ਸਾਹਿਬ ਤੇ ਹਜ਼ੂਰ ਸਾਹਿਬ, ਦਮਦਮੀ ਟਕਸਾਲ, ਚੀਫ ਖਾਲਸਾ ਦੀਵਾਨ, ਨਿਹੰਗ ਜਥੇਬੰਦੀਆਂ ਸਮੇਤ ਸਾਰੀਆਂ ਸਿੱਖ ਸੰਸਥਾਵਾਂ ਨੂੰ ਕਿਹਾ ਕਿ ਉਹ ਇਕ ਮਹੀਨਾ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਕਰਵਾਉਣ। ਉਨ੍ਹਾਂ ਕਿਹਾ ਕਿ ਸਮਾਗਮਾਂ ’ਚ ਅੰਮ੍ਰਿਤ ਸੰਚਾਰ ਕਰਵਾਇਆ ਜਾਵੇ ਅਤੇ ਕੇਂਦਰ ਸਰਕਾਰ ਵੱਲੋਂ ਜਥਾ ਭੇਜਣ ’ਤੇ ਲਾਈ ਗਈ ਰੋਕ ਦਾ ਉਚੇਚਾ ਜ਼ਿਕਰ ਕੀਤਾ ਜਾਵੇ। ਉਨ੍ਹਾਂ ਸਮਾਗਮਾਂ ਦੀ ਰਿਪੋਰਟ ਅਕਾਲ ਤਖ਼ਤ ਨੂੰ ਭੇਜਣ ਲਈ ਕਿਹਾ ਹੈ। ਇਸ ਮੌਕੇ ਸਾਕੇ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ
ਜੈਂਤੀਪੁਰ (ਜਗਤਾਰ ਸਿੰਘ ਛਿੱਤ): ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦ ਲਛਮਣ ਸਿੰਘ ਧਾਰੋਵਾਲੀ, ਟਹਿਲ ਸਿੰਘ ਧੰਜੂ ਅਤੇ ਹੋਰ ਸ਼ਹੀਦਾਂ ਨੂੰ ਸਮਰਪਿਤ ਸਮਾਗਮ ਅੱਜ ਪਿੰਡ ਫ਼ਤਹਿਪੁਰ ਰਾਜਪੂਤਾਂ ਦੇ ਗੁਰੂ ਨਾਨਕ ਖਾਲਸਾ ਸ਼ਹੀਦੀ ਹਾਈ ਸਕੂਲ ਵਿੱਚ ਮੁੱਖ ਪ੍ਰਬੰਧਕ ਲਖਬੀਰ ਸਿੰਘ ਨਿਜ਼ਾਮਪੁਰ ਅਤੇ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਦੌਰਾਨ ਭਾਈ ਬਲਦੇਵ ਸਿੰਘ ਬੈਂਕਾ ਅਤੇ ਭਾਈ ਹਰਪਾਲ ਸਿੰਘ ਢੰਡਾ ਦੇ ਢਾਡੀ ਜਥੇ ਨੇ ਸਾਕਾ ਨਨਕਾਣਾ ਸਹਬਿ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਅਤੇ ਕਿਸਾਨ ਮੋਰਚੇ ਬਾਰੇ ਜਾਗਰੂਕ ਕੀਤਾ। ਇਸ ਮੌਕੇ ਪੁੱਜੇ ਕੌਮੀ ਮਹਿਲਾ ਸਮਾਜ ਸੇਵੀ ਆਗੂ ਐਨੀ ਰਾਜਾ ਨੇ ਕਿਹਾ ਕਿ ਪੰਜਾਬੀਆਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਦੇਸ਼ ਦੇ ਲੋਕਾਂ ਦੀ ਅਗਵਾਈ ਕਰ ਕੇ ਵਧੀਆ ਰੋਲ ਨਿਭਾਇਆ ਹੈ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਕਰਨ ਸਿੰਘ ਬਰਾੜ ਨੇ ਕਿਹਾ ਕਿ ਇਤਿਹਾਸ ਤੋਂ ਸੇਧ ਲੈਂਦਿਆਂ ਹੱਕਾਂ ਦੀ ਰਾਖੀ ਲਈ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਖੜ੍ਹੇ ਹੋਣਾ ਚਾਹੀਦਾ ਹੈ।