ਡਾ. ਪਿਆਰੇ ਲਾਲ ਗਰਗ
ਪੰਜਾਬ ਵਿੱਚ ਵਧਦੀਆਂ ਮੌਤਾਂ ਦੇ ਕਾਫੀ ਕਾਰਨ ਹਨ, ਜਿਨ੍ਹਾਂ ਵਿੱਚ ਸਰਕਾਰ ਦੇ ਕਮਜ਼ੋਰ ਪ੍ਰਬੰਧਾਂ ਦੀ ਵੀ ਗਿਣਨਯੋਗ ਭੂਮਿਕਾ ਹੈ। ਇਸ ਤੋਂ ਇਲਾਵਾ ਵੱਡੀ ਉਮਰ ਦੇ ਮਰੀਜ਼, ਝੂਠੇ ਪ੍ਰਾਪੇਗੰਡਾ ਅਤੇ ਅਫ਼ਵਾਹਾਂ ਦੇ ਪ੍ਰਭਾਵ ਤਹਿਤ ਬਿਮਾਰੀ ਨੂੰ ਲੁਕਾ ਕੇ ਰੱਖਣਾ ਤੇ ਉਸ ਨੂੰ ਵਧਣ ਦੇਣਾ, ਬਿਮਾਰੀ ਅਤੇ ਇਸ ਦੀ ਮਾਰੂ ਸ਼ਕਤੀ ਬਾਰੇ ਜਾਣ-ਬੁੱਝ ਕੇ ਕੂੜ ਪ੍ਰਚਾਰ ਨਾਲ ਲੋਕਾਂ ਨੂੰ ਅਵੇਸਲੇ ਕਰਨਾ, ਜਾਣ-ਬੁੱਝ ਕੇ ਹਸਪਤਾਲਾਂ ਤੇ ਡਾਕਟਰੀ ਅਮਲੇ ਪ੍ਰਤੀ ਬੇਭਰੋਸਗੀ ਪੈਦਾ ਕਰਨਾ, ਡਰ, ਭੈਅ, ਸਹਿਮ ਅਤੇ ਵਹਿਮ ਤਹਿਤ ਵੇਲੇ ’ਤੇ ਬਿਮਾਰੀ ਵਿਰੁੱਧ ਕਦਮ ਨਾ ਚੁੱਕਣੇ ਵੀ ਵਧ ਰਹੀ ਮੌਤਾਂ ਦੀ ਗਿਣਤੀ ਵਿੱਚ ਖਾਸ ਭੂਮਿਕਾ ਨਿਭਾਉਂਦੇ ਹਨ। ਲੋਕਾਂ ਨੂੰ ਸਹੀ ਜਾਣਕਾਰੀ ਦੇ ਕੇ ਜਾਗਰੂਕ ਕਰਨ ਦੀ ਥਾਂ ਲੋਕਾਂ ਦੀਆਂ ਕਮੇਟੀਆਂ ਬਣਾ ਕੇ ਖੁਦ ਫ਼ੈਸਲੇ ਲੈਣ ਦੀ ਆਦਤ ਪੈ ਗਈ ਹੈ। ਅਫ਼ਵਾਹਾਂ ਅਤੇ ਬੇਵਿਸ਼ਵਾਸੀ ਦੇ ਮਾਹੌਲ ਵਿੱਚ ਤਕਨਾਲੋਜੀ ਨਾਲ ਬਿਮਾਰੀ ਦਾ ਹੱਲ ਲੱਭਣ ਵਾਲੇ ਇਹ ਭੁੱਲ ਜਾਂਦੇ ਹਨ ਕਿ ਇਹ ਤਕਨਾਲੋਜੀ ਕੀ ਗੁੱਲ ਖਿਲਾਏਗੀ। ਇਸ ਦੀ ਬਿਮਾਰੀ ਦੀ ਜਾਂਚ ਅਤੇ ਇਲਾਜ ਵਿੱਚ ਕਿੰਨੀ ਕੁ ਭੂਮਿਕਾ ਹੈ। ਨਬਜ਼ ਆਕਸੀਜਨ ਮਾਪੀ ਯੰਤਰ (ਪਲਸ ਆਕਸੀਮੀਟਰ) ਸਿਰਫ ਇਹ ਦੱਸਦਾ ਹੈ ਕਿ ਮਨੁੱਖ ਦੇ ਸਰੀਰ ਵਿੱਚ ਚੱਲ ਰਹੇ ਲਹੂ ਵਿੱਚ ਆਕਸੀਜਨ ਸੰਤ੍ਰਿਪਤੀ ਕਿੰਨੀ ਹੈ। ਇਹ ਕੋਵਿਡ ਦਾ ਸਬੂਤ ਨਹੀਂ। ਸਾਹ ਰੋਗ ਦੇ ਮਰੀਜ਼ਾਂ (ਪੰਜਾਬ ਵਿੱਚ ਕੁੱਲ ਆਊਟਡੋਰ ਮਰੀਜ਼ਾਂ ਵਿੱਚ 16 ਫੀਸਦੀ ਸਾਹ ਰੋਗ ਦੇ ਮਰੀਜ਼ ਹਨ) ਵਿੱਚ ਵੀ ਥੋੜੀ ਬਹੁਤ ਆਕਸੀਜਨ ਦੀ ਘਾਟ ਹੁੰਦੀ ਹੈ, ਜਿਸ ਕਰਕੇ ਉਹ ਹਸਪਤਾਲਾਂ ਵਿੱਚ ਜਾ ਕੇ ਭੀੜ ਵਧਾ ਸਕਦੇ ਹਨ ਅਤੇ ਕੋਵਿਡ ਹੋਣ ਜਾਂ ਨਾ ਹੋਣ ਬਾਰੇ ਭੁਲੇਖੇ ਦਾ ਸ਼ਿਕਾਰ ਹੋ ਸਕਦੇ ਹਨ। ਇਸ ਪਿੱਛੇ ਲੱਗ ਕੇ ਪੰਜਾਬ ਸਰਕਾਰ ਨੇ ਵੀ 50,000 ਆਕਸੀਮੀਟਰ ਖਰੀਦਣ ਦਾ ਹੁਕਮ ਦੇ ਦਿੱਤਾ। ਪੈਸਾ ਪਹਿਲਾਂ ਹੀ ਘੱਟ ਹੈ, ਜਿਸ ਕਰਕੇ ਇਸ ਪੰਜ ਕਰੋੜ ਨਾਲ ਹਸਪਤਾਲਾਂ ਵਿੱਚ ਕੋਵਿਡ ਦੇ ਇਲਾਜ ਸਬੰਧੀ ਸਾਜ਼ੋ-ਸਾਮਾਨ ਅਤੇ ਦਵਾਈਆਂ ਦੀ ਘਾਟ ਦੂਰ ਕਰਕੇ ਮਰੀਜ਼ਾਂ ਦੇ ਇਲਾਜ ਵਿੱਚ ਜੋ ਇਜ਼ਾਫਾ ਹੋਣਾ ਸੀ, ਉਹ ਰੁਕ ਜਾਵੇਗਾ। ਇਸ ਤਰ੍ਹਾਂ ਅਸੀਂ ਸਿਆਸੀ ਖਹਬਿਾਜ਼ੀ ਵਿੱਚ ਅਵਿਗਿਆਨਕ ਸਮਝ ਦਾ ਸ਼ਿਕਾਰ ਹੋ ਕੇ ਅਤੇ ਉਸ ਨੂੰ ਬੇਲੋੜੀ ਮੁਹਿੰਮ ਬਣਾ ਕੇ ਲੋਕਾਂ ਦੀ ਮਦਦ ਦੀ ਥਾਂ ਸ਼ਾਇਦ ਉਨ੍ਹਾਂ ਦਾ ਨੁਕਸਾਨ ਹੀ ਕਰ ਰਹੇ ਹਾਂ। ਘੱਟੋ-ਘੱਟ ਕੋਵਿਡ ਨੂੰ 2022 ਦੀਆਂ ਚੋਣਾਂ ਦੀ ਗੇਂਦ ਬਣਾਉਣ ਤੋਂ ਤਾਂ ਸਾਨੂੰ ਸਾਰਿਆਂ ਨੂੰ ਗੁਰੇਜ਼ ਹੀ ਕਰਨ ਦੀ ਲੋੜ ਹੈ। ਮੌਜੂਦਾ ਹਾਲਾਤ ਅਤੇ ਵਿਗਿਆਨਕ ਅਸੂਲਾਂ ਦੀ ਸੇਧ ਨਾਲ ਤਰਜੀਹਾਂ ਤੈਅ ਕਰਨੀਆਂ ਚਾਹੀਦੀਆਂ ਹਨ। ਪਲਸ ਆਕਸੀਮੀਟਰ ਦੀ ਭਰੋਸੇਯੋਗਤਾ ਇਸ ਬੇਭਰੋਸਗੀ ਦੇ ਆਲਮ ਵਿੱਚ ਕਿੰਨੀ ਕਾਰਗਰ ਹੋਵੇਗੀ, ਪਾਠਕ ਖੁਦ ਹੀ ਫ਼ੈਸਲਾ ਕਰ ਸਕਦੇ ਹਨ।
ਸੰਪਰਕ: 99145-05009