ਗਗਨਦੀਪ ਅਰੋੜਾ
ਲੁਧਿਆਣਾ, 26 ਸਤੰਬਰ
ਇੱਥੋਂ ਨੇੜਲੇ ਪਿੰਡ ਜਸਪਾਲ ਬਾਂਗਰ ਦੀ ਇੱਕ ਫੈਕਟਰੀ ’ਚ ਲੰਘੀ ਦੇਰ ਰਾਤ ਲੁਟੇਰਿਆਂ ਨੇ ਹਮਲਾ ਕਰ ਦਿੱਤਾ, ਜਿਸ ਕਾਰਨ ਇੱਕ ਵਰਕਰ ਦੀ ਮੌਤ ਹੋ ਗਈ। ਪੁਲੀਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਜਸਪਾਲ ਬਾਂਗਰ ਰੋਡ ’ਤੇ ਲੰਘੀ ਦੇਰ ਰਾਤ ਕਰੀਬ ਇੱਕ ਵਜੇ ਜਦੋਂ ਲੁਟੇਰੇ ਕੰਧ ਟੱਪ ਕੇ ਅੰਦਰ ਦਾਖਲ ਹੋਏ ਤਾਂ ਉਨ੍ਹਾਂ ਨੂੰ ਦੇਖ ਕੇ ਫੈਕਟਰੀ ਅੰਦਰ ਕੰਮ ਕਰ ਰਹੇ ਫੈਕਟਰੀ ਮਾਲਕ ਦੇ ਭਤੀਜੇ ਨੇ ਆਪਣੇ ਕੁਝ ਸਾਥੀਆਂ ਨਾਲ ਬਾਹਰ ਆ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਲੋਕਾਂ ਨੂੰ ਆਉਂਦਾ ਦੇਖ ਚੋਰ ਭੱਜਣ ਲੱਗੇ ਤੇ ਜਾਂਦੇ ਸਮੇਂ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇੱਕ ਗੋਲੀ ਫੈਕਟਰੀ ਮੁਲਾਜ਼ਮ ਦੇ ਜਾ ਲੱਗੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇੱਕ ਗੋਲੀ ਫੈਕਟਰੀ ਮਾਲਕ ਦੇ ਭਤੀਜੇ ਜਸਪ੍ਰੀਤ ਦੇ ਕੰਨ ਨੇੜਿਓਂ ਵੀ ਨਿਕਲ ਗਈ। ਜਸਪ੍ਰੀਤ ਸਿੰਘ ਨੇ ਲੁਟੇਰਿਆਂ ਦਾ ਪਿੱਛਾ ਵੀ ਕੀਤਾ ਪਰ ਉਹ ਮੌਕੇ ਤੋਂ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਜਸਪ੍ਰੀਤ ਨੇ ਲੁਟੇਰਿਆਂ ਦੀ ਗੱਡੀ ਨੂੰ ਪਿੱਛਿਓਂ ਫੜਿਆ ਹੋਇਆ ਸੀ ਅਤੇ ਉਹ ਉਸ ਨੂੰ ਕਾਫ਼ੀ ਦੂਰ ਤੱਕ ਘਸੀਟਦੇ ਹੋਏ ਲੈ ਗਏ। ਇਸ ਮਗਰੋਂ ਉਸ ਨੇ ਇਸ ਦੀ ਜਾਣਕਾਰੀ ਪੁਲੀਸ ਕੰਟਰੋਲ ਰੂਮ ਨੂੰ ਦਿੱਤੀ। ਸੂਚਨਾ ਮਿਲਣ ਮਗਰੋਂ ਪੁਲੀਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਤੇ ਹੋਰ ਅਧਿਕਾਰੀ ਘਟਨਾ ਸਥਾਨ ’ਤੇ ਜਾਇਜ਼ਾ ਲੈਣ ਪੁੱਜੇ। ਥਾਣਾ ਸਾਹਨੇਵਾਲ ਪੁਲੀਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।