ਪੱਤਰ ਪ੍ਰੇਰਕ
ਫਗਵਾੜਾ, 7 ਸਤੰਬਰ
ਅੱਜ ਰਾਤ ਬਾਬਾ ਗਧੀਆ ਖੇਤਰ ’ਚ ਪੈਂਦੇ ਅਣਖੀ ਨਗਰ ’ਚ ਸਥਿਤ ਇੱਕ ਕਰਿਆਨੇ ਦੀ ਦੁਕਾਨ ਤੇ ਪਿਸਤੌਲ ਦੀ ਨੌਕ ’ਤੇ ਤਿੰਨ ਲੁਟੇਰਿਆਂ ਨੇ ਦੁਕਾਨਦਾਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਦੁਕਾਨਦਾਰ ਵਲੋਂ ਦਿਖਾਈ ਹਿੰਮਤ ਕਾਰਨ ਲੁਟੇਰੇ ਹੱਥੋਂਪਾਈ ਹੋ ਕੇ ਭੱਜ ਪਏ।
ਘਟਨਾ ਦੀ ਸੂਚਨਾ ਮਿਲਣ ’ਤੇ ਡੀਐੱਸਪੀ ਪਰਮਜੀਤ ਸਿੰਘ, ਐੱਸਐੱਚਓ ਸਿਟੀ ਸਰਬਜੀਤ ਸਿੰਘ, ਪੀਸੀਆਰ ਇੰਚਾਰਜ ਸ਼ੁਮਿੰਦਰ ਸਿੰਘ ਭੱਟੀ ਮੌਕੇ ’ਤੇ ਪੁੱਜੇ। ਦੁਕਾਨਦਾਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਉਹ 8.30 ਵਜੇ ਦੇ ਕਰੀਬ ਆਪਣੀ ਦੁਕਾਨ ਤੇ ਬੈਠਾ ਸੀ ਤਾਂ ਤਿੰਨ ਲੁਟੇਰੇ ਦੋ ਮੋਟਰਸਾਈਕਲਾਂ ’ਤੇ ਆਏ। ਉਨ੍ਹਾਂ ਪਹਿਲਾ ਕੋਲਡਰਿੰਕਸ ਮੰਗੀ ਤੇ ਫ਼ਿਰ ਆਇਸਕਰੀਮ ਮੰਗਣ ਲੱਗੇ ਤਾਂ ਏਨ੍ਹੇ ਨੂੰ ਉਨ੍ਹਾਂ ਨੇ ਰਿਵਾਲਵਰ ਕੱਢ ਕੇ ਪੈਸੇ ਦੇਣ ਦੀ ਮੰਗ ਕੀਤੀ। ਦੁਕਾਨਦਾਰ ਦਾ ਲੁਟੇਰਿਆਂ ਨਾਲ ਤਕਰਾਰ ਹੋ ਗਿਆ ਤੇ ਉਨ੍ਹਾਂ ਵਲੋਂ ਇੱਕ ਗੋਲੀ ਚੱਲਾ ਦਿੱਤੀ ਗਈ। ਦੁਕਾਨਦਾਰ ਨੇ ਦੱਸਿਆ ਕਿ ਉਸਦੇ ਪੈਰਾ ’ਚ ਇੱਕ ਛਰਾ ਲੱਗਾ ਹੈ। ਡੀ.ਐੱਸ.ਪੀ. ਪਰਮਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਲੁਟੇਰਿਆਂ ਕੋਲ ਖਿਡੌਣਾ ਪਿਸਤੌਲ ਸੀ। ਦੁਕਾਨਦਾਰ ਨੂੰ ਜਦੋਂ ਇਸ ਦੀ ਭਿੱਣਖ ਲੱਗ ਗਈ ਤਾਂ ਉਸਨੇ ਇਨ੍ਹਾਂ ਨੂੰ ਜੱਫਾ ਪਾ ਲਿਆ ਤੇ ਦੋ ਲੁਟੇਰੇ ਪਹਿਲਾਂ ਭੱਜ ਗਏ ਤੇ ਤੀਸਰਾ ਲੁਟੇਰਾ ਵੀ ਛਡਾ ਕੇ ਭੱਜ ਗਿਆ। ਪੁਲੀਸ ਇਸ ਦੀ ਜਾਂਚ ਕਰ ਰਹੀ ਹੈ।
ਖੇਤਾਂ ’ਚ ਪਸ਼ੂ ਵਾੜਨ ਤੋਂ ਹੋਈ ਲੜਾਈ ’ਚ ਜ਼ਖ਼ਮੀ
ਫਗਵਾੜਾ (ਪੱਤਰ ਪ੍ਰੇਰਕ) ਅੱਜ ਪਿੰਡ ਡੁਮੇਲੀ ’ਚ ਇੱਕ ਵਿਅਕਤੀ ਦੇ ਖੇਤਾਂ ’ਚ ਪਸ਼ੂ ਵਾੜਨ ਤੋਂ ਰੋਕਣ ਦੇ ਮਾਮਲੇ ’ਚ ਹੋਈ ਲੜਾਈ ਕਾਰਨ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਜਿਸ ਨੂੰ ਜ਼ਖ਼ਮੀ ਹਾਲਤ ’ਚ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਜ਼ੇਰੇ ਇਲਾਜ ਜ਼ਖ਼ਮੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਖੇਤਾਂ ’ਚ ਲਾਗਲੇ ਪਿੰਡ ਦੇ ਗੁੱਜਰ ਪਸ਼ੂ ਵਾੜ ਦਿੰਦੇ ਹਨ ਪਹਿਲਾਂ ਵੀ ਉਨ੍ਹਾਂ ਨੂੰ ਕਈ ਵਾਰ ਰੋਕਿਆ ਪਰ ਉਹ ਨਹੀਂ ਮੰਨੇ। ਅੱਜ ਵੀ ਜਦੋਂ ਉਨ੍ਹਾਂ ਨੇ ਪਸ਼ੂ ਮੁੜ ਵਾੜ ਦਿੱਤੇ ਤਾਂ ਜਦੋਂ ਉਨ੍ਹਾਂ ਰੋਕਣ ਦੀ ਕੋਸ਼ਿਸ਼ ਤਾਂ ਇੱਕ ਵਿਅਕਤੀ ਤੇ ਔਰਤਾਂ ਨੇ ਉਸ ’ਤੇ ਹਮਲਾ ਕਰ ਦਿੱਤਾ ਜਿਸ ਕਾਰਨ ਵੱਜੀ ਰਾਡ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।