ਸਰਬਜੀਤ ਸਿੰਘ ਭੰਗੂ
ਪਟਿਆਲਾ, 26 ਜੁਲਾਈ
ਵਾਈਪੀਐੱਸ ਚੌਕ ਕੋਲ ਤਿੰਨ ਪਰਤੀ ਬੈਰੀਕੇਡਿੰਗ ਕਰਕੇ ਛੇ ਮਹੀਨਿਆਂ ਤੋਂ ਪੱਕੇ ਤੌਰ ’ਤੇ ਬੰਦ ਕੀਤਾ ਹੋਇਆ ਮੋਤੀ ਮਹਿਲ ਨੂੰ ਜਾਂਦਾ ਮੁੱਖ ਮਾਰਗ ਪੁਲੀਸ ਨੇ ਅੱਜ ਅਚਾਨਕ ਖੋਲ੍ਹ ਦਿੱਤਾ ਗਿਆ। ਇਸ ਮਾਰਗ ਦੇ ਇੱਕ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਿਵਾਸ ਹੈ, ਉਥੇ ਹੀ ਦੂਜੇ ਪਾਸੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦੀ ਰਿਹਾਇਸ਼ ਹੈ, ਜਿਸ ਕਰਕੇ ਕੈਪਟਨ ਸਰਕਾਰ ਖ਼ਿਲਾਫ਼ ਪੰਜਾਬ ਭਰ ਤੋਂ ਆਉਂਦੇ ਮੁਲਾਜ਼ਮ, ਕਿਸਾਨ ਤੇ ਹੋਰ ਵਰਗਾਂ ਦੇ ਲੋਕ ਇਥੇ ਹੀ ਧਰਨਾ ਪ੍ਰਦਰਸ਼ਨ ਕਰਦੇ ਹਨ। ਪ੍ਰਦਰਸ਼ਨਕਾਰੀਆਂ ਨੂੰ ਮੋਤੀ ਮਹਿਲ ਵੱਲ ਵਧਣ ਤੋਂ ਰੋਕਣ ਦੇ ਮਨੋਰਥ ਨਾਲ ਪੁਲੀਸ ਨੇ ਮੋਤੀ ਮਹਿਲ ਤੋਂ ਪਹਿਲਾਂ ਪੈਂਦੇ ਵਾਈਪੀਐੱਸ ਚੌਕ ਵਿੱਚ ਕਈ ਪਰਤੀ ਬੈਰੀਕੇਡਿੰਗ ਕੀਤੀ ਹੋਈ ਸੀ। ਅੱਜ ਪਤਾ ਨਹੀਂ ਕਿਉਂ ਪੁਲੀਸ ਨੇ ਮੋਤੀ ਮਹਿਲ ਨੂੰ ਜਾਂਦੀ ਇਸ ਸੜਕ ’ਤੇ ਛੇ ਮਹੀਨਿਆਂ ਤੋਂ ਲੱਗੀਆਂ ਸਾਰੀਆਂ ਰੋਕਾਂ ਅਚਾਨਕ ਹੀ ਹਟਾ ਦਿੱਤੀਆਂ। ਭਾਵੇਂ ਕਿ ਇਸ ਦੇ ਅਨੇਕਾਂ ਹੋਰ ਕਾਰਨ ਵੀ ਹੋ ਸਕਦੇ ਹਨ ਪਰ ਸਬੱਬ ਵਜੋਂ ਨਵਜੋਤ ਸਿੱਧੂ ਦੇ ਕਾਂਗਰਸ ਪ੍ਰਧਾਨ ਬਣਨ ਮਗਰੋਂ ਬੈਰੀਕੇਡਿੰਗ ਹਟਾਏ ਜਾਣ ਕਰਕੇ ਰਾਜਸੀ ਹਲਕੇ ਇਸ ਮਾਮਲੇ ’ਤੇ ਚੁਸਕੀਆਂ ਲੈ-ਲੈ ਕੇ ਚਰਚਾ ਕਰਨ ਲੱਗੇ ਹਨ। ਚੋਣਾਂ ਨੇੜੇ ਹੋਣ ਕਰਕੇ ਹੁਣ ਤਾਂ ਧਰਨਿਆਂ ਦੀ ਹਾਲਤ ਹੜ੍ਹਾਂ ਵਰਗੀ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਇਥੇ ਸੁਰੱਖਿਆ ਪ੍ਰਬੰਧ ਹੋਰ ਵਧੇਰੇ ਮਜ਼ਬੂਤ ਕਰਨ ਦੀ ਬਜਾਏ ਪਹਿਲੀਆਂ ਰੋਕਾਂ ਵੀ ਹਟਾ ਦੇਣਾ ਚਰਚਾ ਦਾ ਵਿਸ਼ਾ ਬਣਨਾ ਸੁਭਾਵਿਕ ਹੈ। ਇਹ ਰੋਕਾਂ ਹਟਾਉਣ ਨਾਲ ਹੁਣ ਲੋਕਾਂ ਨੂੰ ਭਰਪੂਰ ਗਾਰਡਨ ਅਤੇ ਮਹਿੰਦੀ ਚੌਕ ਆਦਿ ਖੇਤਰਾਂ ਤੱਕ ਪੁੱਜਣ ਲਈ ਪਹਿਲਾਂ ਦੀ ਤਰ੍ਹਾਂ ਵੱਡਾ ਗੇੜਾ ਨਹੀਂ ਪਵੇਗਾ।