ਸੰਜੀਵ ਸਿੰਘ ਬਰਿਆਣਾ/ਰਾਜਮੀਤ ਸਿੰਘ
ਚੰਡੀਗੜ੍ਹ, 13 ਨਵੰਬਰ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਮਗਰੋਂ ਉਨ੍ਹਾਂ(ਸਿੱਧੂ) ਦੇ 13 ਨੁਕਾਤੀ ਏਜੰਡੇ ਦੇ ਨਤੀਜੇ ਹਕੀਕੀ ਰੂਪ ’ਚ ਦਿਸਣ ਲੱਗੇ ਹਨ। ਉਨ੍ਹਾਂ ਕਿਹਾ ਕਿ ਕਰਜ਼ੇ ਦੀ ਪੰਡ ਹੇਠ ਦੱਬੇ ਪੰਜਾਬ ਨੂੰ ਮੁੜ ਪੈਰਾਂ ਸਿਰ ਕਰਨ ਨਾਲ ਜੁੜੇ ਮਿਸ਼ਨ ਦੇ ਇੱਛਤ ਨਤੀਜੇ ਮਿਲ ਰਹੇ ਹਨ। ਸਿੱਧੂ ਨੇ ਵਿਸ਼ੇਸ਼ ਗੱਲਬਾਤ ਦੌਰਾਨ ਸਾਫ਼ ਕਰ ਦਿੱਤਾ ਕਿ ਉਹ ਅੰਮ੍ਰਿਤਸਰ ਤੋਂ ਹੀ ਵਿਧਾਨ ਸਭਾ ਚੋਣ ਲੜਨਗੇ।
ਸ੍ਰੀ ਸਿੱਧੂ ਨੇ ਕਿਹਾ, ‘‘ਟਰਾਂਸਪੋਰਟ ਮਾਫ਼ੀਆ ਦੀ ਨਕੇਲ ਕਸਣੀ, ਬਿਜਲੀ ਖਰੀਦ ਸਮਝੌਤਿਆਂ (ਪੀਪੀਏ) ਨੂੰ ਨਵਿਆਉਣ ਦਾ ਅਮਲ ਸ਼ੁਰੂ ਕਰਨਾ ਤੇ ਰੇਤੇ ਦੀਆਂ ਕੀਮਤਾਂ ਨੂੰ ਕੰਟਰੋਲ ਵਿੱਚ ਲਿਆਉਣ ਲਈ ਸਾਡੇ(ਸਰਕਾਰ) ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ, ਪੰਜਾਬ ਨੂੰ ਮੁੜ ਪੈਰਾਂ ਸਿਰ ਕਰਨ ਲਈ ਚੁੱਕਿਆ ਸਾਡਾ ਪਹਿਲਾ ਕਦਮ ਹੈ।’’ ਸਿੱਧੂ ਨੇ ਇਸ਼ਾਰਾ ਕੀਤਾ ਕਿ ਉਨ੍ਹਾਂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਰਮਿਆਨ ਹੁਣ ‘ਸਭ ਕੁਝ ਚੰਗਾ’ ਹੈ ਤੇ ਦੋਵੇਂ ਆਗੂ 2022 ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਮਿਲ ਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇਕ ਵਾਰ ਫਿਰ ਕਾਂਗਰਸ ਦੀ ਸਰਕਾਰ ਬਣੇਗੀ ਤੇ ਕੋਈ ਵੀ ਤਾਕਤ (ਵਿਰੋਧੀ ਪਾਰਟੀਆਂ) ਇਸ ਨੂੰ ਰੋਕ ਨਹੀਂ ਸਕਦੀ। ਅਗਾਮੀ ਚੋਣਾਂ ਵਿੱਚ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਉਨ੍ਹਾਂ ਦੀ ਦਾਅਵੇਦਾਰੀ ਬਾਰੇ ਪੁੱਛੇ ਜਾਣ ’ਤੇ ਸਿੱਧੂ ਨੇ ਪਹਿਲਾਂ ਤਾਂ ਜਵਾਬ ਦੇਣ ਤੋਂ ਟਾਲਾ ਵਟਣਾ ਚਾਹਿਆ, ਪਰ ਫਿਰ ਉਨ੍ਹਾਂ ਕਿਹਾ ਕਿ ‘ਇਹ ਫੈਸਲਾ ਪਾਰਟੀ ਹਾਈ ਕਮਾਂਡ ਨੇ ਲੈਣਾ ਹੈ।’
ਆਪਣੇ ਉੱਚ ਆਦਰਸ਼ਾਂ ਦੀ ਗੱਲ ਕਰਦਿਆਂ ਸਿੱਧੂ ਨੇ ਕਿਹਾ, ‘‘ਜੇਕਰ ਕੁਝ ਵੀ ਗ਼ਲਤ ਹੁੰਦਾ ਹੈ ਤਾਂ ਉਸ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਮੇਰੀ ਜ਼ਿੰਦਗੀ ਦਾ ਇਕੋ ਇਕ ਮਿਸ਼ਨ ਹੈ। ਮੈਂ ਹਮੇਸ਼ਾ ਇਹੀ ਕੀਤਾ ਹੈ ਤੇ ਅੱਗੋਂ ਵੀ ਇਹ ਜਾਰੀ ਰਹੇਗਾ। 2007 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਪੰਜਾਬ ਸਰਕਾਰ ਸਿਰ 30,000 ਕਰੋੜ ਰੁਪਏ ਕਰਜ਼ੇ ਦੀ ਪੰਡ ਸੀ। 2017 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਪੰਡ ਦਾ ਬੋਝ ਵਧ ਕੇ 1.82 ਲੱਖ ਕਰੋੜ ਰੁਪਏ ਹੋ ਗਿਆ ਤੇ ਅੱਜ ਇਹ ਕਰਜ਼ਾ 3 ਲੱਖ ਕਰੋੜ ਰੁਪਏ ਦੀ ਸਿਖਰ ’ਤੇ ਹੈ। ਇਸ ਪੰਡ ਦਾ ਬੋਝ ਕਿਸ ਨੂੰ ਝੱਲਣਾ ਪਏਗਾ? ਪੰਜਾਬ ਦੇ ਲੋਕਾਂ ਨੂੰ। ਸਾਨੂੰ ਇਹ ਰੋਕਣਾ ਹੋਵੇਗਾ। ਇਕ ਛੋਟੀ ਜਿਹੀ ਸ਼ੁਰੂਆਤ ਕੀਤੀ ਹੈ ਤੇ ਮੈਨੂੰ ਯਕੀਨ ਹੈ ਕਿ ਅਸੀਂ ਇਸ ਨੂੰ ਨਿਆਂਸੰਗਤ ਅੰਤ ਤੱਕ ਲੈ ਕੇ ਜਾਵਾਂਗੇ।’’ ਗੱਲਬਾਤ ਦੌਰਾਨ ਸਿੱਧੂ ਨੇ ਅਗਾਮੀ ਚੋਣ ਪਟਿਆਲਾ ਤੋਂ ਲੜਨ ਦੀਆਂ ਕਨਸੋਆਂ ਨੂੰ ਖਾਰਜ ਕਰ ਦਿੱਤਾ। ਸਿੱਧੂ ਨੇ ਕਿਹਾ, ‘‘ਮੈਂ ਅੰਮ੍ਰਿਤਸਰ ਤੋਂ ਇਲਾਵਾ ਹੋਰ ਕਿਤੋਂ ਚੋਣ ਨਹੀਂ ਲੜਾਂਗਾ। ਮੈਂ ਹਮੇਸ਼ਾਂ ਆਪਣੇ ਬੋਲਾਂ ਨੂੰ ਪੁਗਾਇਆ ਹੈ। ਮੈਂ ਸੀਟ ਬਦਲੀ ਨੂੰ ਉਦੋਂ ਵੀ ਸਵੀਕਾਰ ਨਹੀਂ ਕੀਤਾ ਸੀ ਜਦੋਂ ਸਾਬਕਾ ਵਿੱਤ ਮੰਤਰੀ ਮਰਹੂਮ ਅਰੁਣ ਜੇਤਲੀ ਨੂੰ ਸਾਲ 2014 ਵਿੱਚ ਅੰਮ੍ਰਿਤਸਰ ਸੰਸਦੀ ਸੀਟ ਤੋਂ ਚੋਣ ਲੜਾਈ ਗਈ ਸੀ। ਉਦੋਂ ਮੈਨੂੰ ਰਾਜ ਸਭਾ ਸੀਟ ਦੇ ਨਾਲ ਹਰਿਆਣਾ, ਦਿੱਲੀ ਜਾਂ ਚੰਡੀਗੜ੍ਹ ਤੋਂ ਚੋਣ ਲੜਨ ਦੀ ਵੀ ਪੇਸ਼ਕਸ਼ ਹੋਈ ਸੀ।’’